ਜੇਐੱਨਐੱਨ, ਲੁਧਿਆਣਾ : ਸਨਅਤ ਨਗਰੀ Ludhiana ਦੇ ਕਟਾਣੀ ਕਲਾਂ 'ਚ ਰਹਿਣ ਵਾਲੇ ਵਿਅਕਤੀ ਨੂੰ ਪਤਨੀ ਨੂੰ ਮੋਬਾਈਲ ਨਾ ਲੈ ਕੇ ਦੇਣਾ ਮਹਿੰਗਾ ਪਿਆ। ਔਰਤ ਕਈ ਦਿਨਾਂ ਤੋਂ ਪਤੀ ਤੋਂ ਮੋਬਾਈਲ ਫੋਨ ਦੀ ਡਿਮਾਂਡ ਕਰ ਰਹੀ ਸੀ, ਪਰ ਪਤੀ ਨੇ ਉਸ ਦੇ ਲੱਖ ਵਾਰ ਕਹਿਣ 'ਤੇ ਵੀ ਫੋਨ ਨਹੀਂ ਦਿਵਾਇਆ। ਇਸ ਤੋਂ ਬਾਅਦ ਉਸ ਨੇ ਜਿਹਡ਼ਾ ਕਦਮ ਚੁੱਕਿਆ, ਉਸ ਤੋਂ ਪਤੀ ਵੀ ਹੈਰਾਨ ਰਹਿ ਗਿਆ।

ਔਰਤ ਨੇ ਪੇਕੇ ਘਰ ਫੋਨ ਕਰ ਕੇ ਆਪਣੇ ਭਰਾ ਸੱਦ ਲਏ। ਮੁਲਜ਼ਮਾਂ ਨੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਕੂਮਕਲਾਂ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹੁਣ ਥਾਣਾ ਕੂਮਕਲਾਂ ਪੁਲਿਸ ਨੇ ਰੋਪਡ਼ ਦੇ ਪਿੰਡ ਅਸਰਪੁਰ ਨਿਵਾਸੀ ਰਵੀ ਤੇ ਪਿੰਡ ਭੈਰੋ ਮੁਨਾ ਨਿਵਾਸੀ ਗੁਰਚਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਹੈ।

ਏਐੱਸਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਉਕਤ ਕੇਸ ਪਿੰਡ ਕਟਾਣੀ ਕਲਾਂ ਨਿਵਾਸੀ ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਆਪਣੇ ਬਿਆਨ 'ਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਬਲਜਿੰਦਰ ਕੌਰ ਛੋਟੀਆਂ-ਛੋਟੀਆਂ ਗੱਲਾਂ 'ਤੇ ਅਕਸਰ ਉਸ ਦੇ ਨਾਲ ਝਗਡ਼ਦੀ ਹੈ।

ਔਰਤ ਨੇ ਬੀਤੇ ਦਿਨੀਂ ਜ਼ਿੱਦ ਕੀਤੀ ਕਿ ਉਸ ਨੂੰ ਮੋਬਾਈਲ ਫੋਨ ਲੈ ਕੇ ਦੇਵੇ। ਇਕਬਾਲ ਸਿੰਘ ਨੇ ਕਿਹਾ ਕਿ ਉਹ ਨਵਾਂ ਫੋਨ ਲੈਣ 'ਚ ਅਸਮਰੱਥ ਹੈ। ਬਸ ਫਿਰ ਕੀ ਸੀ, ਪਤਨੀ ਦਾ ਗੁੱਸਾ ਫੁੱਟ ਪਿਆ। ਉਹ ਪਤੀ ਨੂੰ ਬੁਰਾ-ਭਲਾ ਬੋਲਣ ਲੱਗ ਪਈ ਤੇ ਉਸ ਨੂੰ ਦੇਖਣ ਲੱਗੀ। ਇਸ ਤੋਂ ਬਾਅਦ ਔਰਤ ਨੇ ਇਸ ਦੀ ਜਾਣਕਾਰੀ ਆਪਣੇ ਪੇਕੇ ਵਾਲਿਆਂ ਨੂੰ ਦੇ ਦਿੱਤੀ। ਪੇਕੇ ਵਾਲੇ ਵੀ ਸਰਗਰਮ ਹੋ ਗਏ।

ਭੈਣ ਦਾ ਫੋਨ ਆਉਣ ਤੋਂ ਬਾਅਦ ਭਰਾ ਉੱਥੇ ਘਰ ਪਹੁੰਚ ਗਏ ਤੇ ਉਸ ਦੇ ਪਤੀ ਦੀ ਜ਼ਬਰਦਸਤ ਤਰੀਕੇ ਨਾਲ ਕੁੱਟਮਾਰ ਕੀਤੀ। ਇਕਬਾਲ ਸਿੰਘ ਲਹੂ-ਲੁਹਾਨ ਹੋ ਗਿਆ। ਉਸ ਨੂੰ ਪਤਾ ਨਹੀਂ ਸੀ ਕਿ ਮੋਬਾਈਲ ਨਾ ਮਿਲਣ 'ਤੇ ਉਸ ਦੀ ਪਤਨੀ ਅਜਿਹਾ ਕਦਮ ਚੁੱਕ ਲਵੇਗੀ। ਇਕਬਾਲ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਪਤਨੀ ਦੇ ਦੋਸ਼ਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

Posted By: Seema Anand