ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲਾਕਡਾਊਨ ਦੌਰਾਨ ਪੈਦਾ ਹੋਏ ਵਿਵਾਦ ਤੋਂ ਬਾਅਦ ਆਪਣੀ ਮਾਸੀ ਕੋਲ ਰਹਿ ਰਹੀ ਔਰਤ ਨੇ ਜਦ ਆਪਣੇ ਪਤੀ ਨੂੰ ਤਲਾਕ ਦੀ ਗੱਲ ਆਖੀ ਤਾਂ ਪਤੀ ਨੇ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡਾਬਾ ਦੀ ਪੁਲਿਸ ਨੇ ਮਿ੍ਤਕ ਸੁਖਵਿੰਦਰ ਸਿੰਘ (32) ਦੇ ਪਿਤਾ ਬਸੰਤ ਨਗਰ ਵਾਸੀ ਚਰਨ ਦਾਸ ਦੇ ਬਿਆਨਾਂ 'ਤੇ ਮਿ੍ਤਕ ਦੀ ਮਾਸੀ ਸੱਸ ਤੇਜਿੰਦਰ ਕੌਰ ਤੇ ਉਸ ਦੇ ਪਤੀ ਮਿੰਟੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚਰਨ ਦਾਸ ਨੇ ਦੱਸਿਆ ਕਿ ਉਸ ਦੇ ਬੇਟੇ ਸੁਖਵਿੰਦਰ ਸਿੰਘ ਦਾ ਵਿਆਹ 12 ਸਾਲ ਪਹਿਲਾਂ ਸੰਦੀਪ ਕੌਰ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਵਿਆਹੁਤਾ ਦੀ ਮਾਸੀ ਪਰਿਵਾਰ 'ਚ ਦਖ਼ਲ ਦੇਣ ਲੱਗ ਪਈ। ਲਾਕਡਾਊਨ ਦੌਰਾਨ ਸੁਖਵਿੰਦਰ ਤੇ ਸੰਦੀਪ ਵਿਚਕਾਰ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਸੰਦੀਪ ਕੌਰ ਆਪਣੀ ਮਾਸੀ ਤੇਜਿੰਦਰ ਕੌਰ ਦੇ ਘਰ ਚਲੀ ਗਈ। ਚਰਨ ਦਾਸ ਨੇ ਦੱਸਿਆ ਕਿ ਸੰਦੀਪ ਦੀ ਮਾਸੀ ਉਸ ਨੂੰ ਗੱਲਾਂ 'ਚ ਲਗਾ ਕੇ ਸੁਖਵਿੰਦਰ ਨੂੰ ਤਲਾਕ ਦੇਣ ਨੂੰ ਕਹਿ ਰਹੀ ਸੀ। ਇਸ ਸਾਰੇ ਮਾਮਲੇ ਦਾ ਜਦੋਂ ਸੁਖਵਿੰਦਰ ਨੂੰ ਪਤਾ ਲੱਗਾ ਤਾਂ ਉਹ ਬੇਹੱਦ ਹਤਾਸ਼ ਹੋ ਗਿਆ ਤੇ ਬੀਤੀ ਰਾਤ ਸੁਖਵਿੰਦਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਡਾਬਾ ਦੇ ਏਐੱਸਆਈ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਮਿ੍ਤਕ ਸੁਖਵਿੰਦਰ ਦੀ ਮਾਸੀ ਸੱਸ ਤੇਜਿੰਦਰ ਕੌਰ ਤੇ ਉਸ ਦੇ ਮਾਸੜ ਸਹੁਰੇ ਮਿੰਟੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।