ਸੰਜੀਵ ਗੁਪਤਾ / ਅਜੀਤ ਸਿੰਘ ਅਖਾੜਾ, ਜਗਰਾਉਂ : ਅੱਜ ਦੇਰ ਸ਼ਾਮ ਅਖਾੜਾ ਨਹਿਰ ਲਾਗੇ ਨਹਿਰੀ ਕਾਲੋਨੀ 'ਚ ਰਹਿੰਦੇ ਬੇਲਦਾਰ ਦੀ ਪਤਨੀ ਵੱਲੋਂ ਨਹਿਰ ਵਿੱਚ ਛਾਲ ਮਾਰਨ ਅਤੇ ਉਸ ਦੇ ਪਿੱਛੇ ਹੀ ਉਸ ਦੇ ਬੇਲਦਾਰ ਪਤੀ ਵੱਲੋਂ ਵੀ ਛਾਲ ਮਾਰ ਦਿੱਤੀ ਗਈ । ਦੇਰ ਰਾਤ ਤੱਕ ਪੁਲਿਸ ਅਤੇ ਲੋਕ ਪਤੀ-ਪਤਨੀ ਦੀ ਭਾਲ ਵਿੱਚ ਲੱਗੇ ਰਹੇ ਪਰ ਦੋਵਾਂ ਦਾ ਕੁਝ ਪਤਾ ਨਾ ਲੱਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਜੋ ਕਿ ਨਹਿਰੀ ਵਿਭਾਗ ਵਿੱਚ ਬਤੌਰ ਬੇਲਦਾਰ ਤੈਨਾਤ ਹੈ, ਅਤੇ ਉਹ ਜਗਰਾਓਂ ਅਖਾੜਾ ਨਹਿਰ ਦੇ ਲਾਗੇ ਹੀ ਨਹਿਰੀ ਕਾਲੋਨੀ ਵਿੱਚ ਰਹਿੰਦਾ ਸੀ । ਸ਼ਨੀਵਾਰ ਦੇਰ ਸ਼ਾਮ ਅਚਾਨਕ ਘਰ ਦੇ ਅੰਦਰੋਂ ਉਸ ਦੀ ਪਤਨੀ ਜਸਪ੍ਰੀਤ ਕੌਰ ਭੱਜਦੀ ਹੋਈ ਨਹਿਰ ਵੱਲ ਨੂੰ ਆਈ ਅਤੇ ਉਸ ਨੇ ਛਾਲ ਮਾਰ ਦਿੱਤੀ। ਪਤਨੀ ਪਿੱਛੇ ਹੀ ਆ ਰਹੇ ਗੁਰਪ੍ਰੀਤ ਸਿੰਘ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ । ਇਸ ਘਟਨਾ ਨੂੰ ਦੇਖਣ ਵਾਲੇ ਰਾਹਗੀਰਾਂ ਨੇ ਰੌਲਾ ਪਾਇਆ ਤਾਂ ਇੱਕ ਰਾਹਗੀਰ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਨਹਿਰ ਵਿੱਚ ਉਸ ਨੇ ਬੇਲਦਾਰ ਦਾ ਹੱਥ ਫੜ ਵੀ ਲਿਆ ਪਰ ਉਹ ਉਸ ਨੂੰ ਬਚਾਉਣ ਵਿੱਚ ਨਾਕਾਮਯਾਬ ਰਿਹਾ ਅਤੇ ਉਸ ਦਾ ਸਾਹ ਰੁਕ ਜਾਣ 'ਤੇ ਉਸ ਨੂੰ ਬਾਹਰ ਆਉਣਾ ਪਿਆ ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ । ਉਨ੍ਹਾਂ ਲੋਕਾਂ ਨਾਲ ਮਿਲ ਕੇ ਦੋਵਾਂ ਪਤੀ-ਪਤਨੀ ਦੀ ਭਾਲ ਵਿੱਚ ਕਾਫੀ ਜੱਦੋ ਜਹਿਦ ਕੀਤੀ , ਪਰ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ।

ਪਤਨੀ ਵੱਲੋਂ ਨਹਿਰ ਵਿੱਚ ਛਾਲ ਮਾਰਨ ਅਤੇ ਉਸ ਦੇ ਪਤੀ ਵੱਲੋਂ ਬਚਾਉਣ ਲਈ ਛਾਲ ਲਗਾਉਣ ਦੇ ਇਸ ਮਾਮਲੇ ਪਿੱਛੇ ਕੀ ਕਾਰਨ ਹੈ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ । ਪੁਲਿਸ ਨੇ ਪਤੀ ਪਤਨੀ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ । ਇਸ ਦਰਦਨਾਕ ਘਟਨਾ ਪਿੱਛੇ ਇੱਕ ਦਰਦਨਾਕ ਪਹਿਲੂ ਇਹ ਵੀ ਸੀ ਕਿ ਦੋਵਾਂ ਦਾ ਚਾਰ ਸਾਲਾ ਬੱਚਾ ਇਸ ਪੂਰੀ ਘਟਨਾ ਤੋਂ ਅਣਜਾਣ ਆਪਣੇ ਮਾਂ-ਬਾਪ ਦਾ ਰਾਹ ਤੱਕ ਰਿਹਾ ਸੀ । ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਾਰਨ ਜਾਨਣ ਲਈ ਨਹਿਰ 'ਚ ਛਾਲ ਮਾਰਨ ਵਾਲੇ ਪਤੀ-ਪਤਨੀ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ।

Posted By: Jagjit Singh