ਜੇਐੱਨਐੱਨ, ਲੁਧਿਆਣਾ : ਸੂਆ ਰੋਡ ਇਲਾਕੇ ਵਿਚ ਹਥਿਆਰਾਂ ਨਾਲ ਲੈਸ ਪੰਜ ਲੁਟੇਰਿਆਂ ਨੇ ਮਨੀ ਟਰਾਂਸਫਰ ਵਾਲੇ ਦੀ ਦੁਕਾਨ ’ਤੇ ਹਮਲਾ ਕਰਕੇ 5.80 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਦੌਰਾਨ ਦੁਕਾਨ ਦੇ ਮਾਲਕ ਅਤੇ ਉਸ ਦੀ ਪਤਨੀ ਨੂੰ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਲੁਟੇਰਿਆਂ ਨੇ ਇਕ ਗੋਲੀ ਵੀ ਚਲਾਈ ਜੋ ਔਰਤ ਦੀ ਲੱਤ ’ਤੇ ਲੱਗੀ। ਉਸ ਦੇ ਛਰ੍ਹੇ ਉਨਾਂ ਦੀ ਢਾਈ ਸਾਲ ਦੀ ਬੱਚੀ ਨੂੰ ਵੀ ਲੱਗੇ। ਭੱਜਣ ਦੌਰਾਨ ਲੁਟੇਰੇ ਲੋਕਾਂ ਦੇ ਵਿਰੋਧ ਕਾਰਨ ਆਪਣਾ ਮੋਟਰਸਾਈਕਲ ਛੱਡ ਕੇ ਹਨੇਰੇ ਦਾ ਲਾਭ ਉਠਾਉਂਦਿਆਂ ਫ਼ਰਾਰ ਹੋ ਗਏ। ਤਿੰਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਜ਼ਖਮੀ ਨਵਨੀਤ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਸਥਿਤ ਸੂਆ ਰੋਡ ਨੇੜੇ ਸ੍ਰੀਵਾਸਤਵ ਐਸੋਸੀਏਟਸ ਨਾਮਕ ਉਨ੍ਹਾਂ ਦੀ ਮਨੀ ਟਰਾਂਸਫਰ ਦੀ ਦੁਕਾਨ ਹੈ। ਉਨ੍ਹਾਂ ਦਾ ਘਰ ਦੁਕਾਨ ਦੇ ਨੇੜੇ ਹੀ ਹੈ। ਘਟਨਾ ਦੇ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੱਚੀ ਵੀ ਦੁਕਾਨ ’ਚ ਸਨ।

ਉਨ੍ਹਾਂ ਦੱਸਿਆ ਕਿ ਲਗਪਗ ਨੌਂ ਵਜੇ ਉਹ ਦੁਕਾਨ ਬੰਦ ਕਰਨ ਲੱਗੇ ਤਾਂ ਮੋਟਰਸਾਈਕਲ ’ਤੇ ਪੰਜ ਹਥਿਆਰਬੰਦ ਲੋਕ ਦੁਕਾਨ ’ਚ ਵੜ ਆਏ। ਜਦੋਂ ਤਕ ਉਹ ਕੁਝ ਸਮਝਦੇ, ਉਨ੍ਹਾਂ ਦਾਤ ਦਿਖਾਉਂਦਿਆਂ ਨਕਦੀ ਦੀ ਮੰਗ ਕੀਤੀ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਲੁਟੇਰਿਆਂ ਵਿਚੋਂ ਇਕ ਨੇ ਉਸ ਨੂੰ ਦਾਤ ਮਾਰ ਦਿੱਤਾ। ਇਸੇ ਦੌਰਾਨ ਉਨ੍ਹਾਂ ਦੀਪਤਨੀ ਅੰਮ੍ਰਿਤਾ ਨੰਦਾ ਵੀ ਬਚਾਅ ਵਿਚ ਆ ਗਈ। ਲੁਟੇਰਿਆਂ ਨੇ ਉਸ ਨੂੰ ਵੀ ਦਾਤ ਮਾਰਿਆ ਅਤੇ ਗੋਲੀ ਚਲਾ ਦਿੱਤੀ।

ਗੋਲੀ ਅੰਮ੍ਰਿਤਾ ਦੀ ਲੱਤ ’ਚ ਲੱਗੀ। ਉਹ ਲਹੂ-ਲੁਹਾਨ ਹੋ ਕੇ ਡਿੱਗ ਗਈ। ਗੋਲੀ ਦੇ ਛਰੇ੍ਹ ਢਾਈ ਸਾਲ ਦੀ ਬੱਚੀ ਵਰਤਿਕਾ ਨੂੰ ਵੀ ਲੱਗੇ। ਇਸੇ ਦੌਰਾਨ ਲੁਟੇੇਰੇ ਦੁਕਾਨ ’ਚੋਂ 5.80 ਲੱਖ ਰੁਪਏ, ਲੈਪਟਾਰ ਤੇ ਡਿਵਾਈਸ ਵੀ ਲੈ ਗਏ। ਇਸੇ ਦੌਰਾਨ ਤਿੰਨ ਲੁਟੇਰੇ ਬਾਈਕ ’ਤੇ ਫ਼ਰਾਰ ਹੋ ਗਏ ਜਦਕਿ ਦੋ ਹੋਰ ਲੁਟੇਰੇ ਬਾਈਕ ਛੱਡ ਕੇ ਭੱਜ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Jagjit Singh