ਦਲਵਿੰਦਰ ਰਛੀਨ, ਰਾਏਕੋਟ : ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਖ਼ਿਲਾਫ਼ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਐੱਸਐੱਚਓ ਸਬ ਇੰਸਪੈਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਪਤੀ-ਪਤਨੀ ਨੂੰ ਇਕ ਕੁਇੰਟਲ ਭੁੱਕੀ, ਦੋ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਿਰਨਦੀਪ ਕੌਰ ਨੇ ਦੱਸਿਆ ਥਾਣਾ ਸੁਧਾਰ ਦੀ ਪੁਲਿਸ ਨੂੰ ਇਕ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਬੁਰਜ ਲਿੱਟਾਂ ਵਸਨੀਕ ਕਰਮਦੀਪ ਸਿੰਘ ਉਰਫ਼ ਰਿੰਕੂ ਪਤਨੀ ਅੰਮਿ੍ਤਪਾਲ ਕੌਰ ਨਾਲ ਮਿਲ ਕੇ ਆਪਣੇ ਟਰਾਲੇ (ਪੀਬੀ 10ਐੱਫਐੱਫ 2502) 'ਚ ਝਾਰਖੰਡ ਤੋਂ ਕੋਲੇ ਵਰਗੀ ਕਾਲੀ ਬਜਰੀ 'ਚ ਲੁਕਾ ਕੇ ਅਫ਼ੀਮ ਤੇ ਪੋਸਤ (ਭੁੱਕੀ ਚੂਰਾ) ਲਿਆ ਕੇ ਵੇਚਦਾ ਹੈ।

ਇਸ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਪਿੰਡ ਹਲਵਾਰਾ-ਪੱਖੋਵਾਲ ਰੋਡ 'ਤੇ ਸਥਿਤ ਕੈਲੇ ਚੌਕ ਨੇੜੇ ਕੀਤੀ ਨਾਕਾਬੰਦੀ ਦੌਰਾਨ ਆ ਰਹੇ ਇਸ ਟਰਾਲੇ ਦੀ ਚੈਕਿੰਗ ਕੀਤੀ ਤਾਂ ਉਸ 'ਚੋਂ 2 ਕਿੱਲੋ ਅਫ਼ੀਮ ਤੇ ਇਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸ 'ਤੇ ਪੁਲਿਸ ਪਾਰਟੀ ਨੇ ਉਕਤ ਟਰਾਲੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਪਤੀ-ਪਤਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ਾ ਤਸਕਰੀ ਲਈ ਆਪਣੀ ਪਤਨੀ ਨੂੰ ਵੀ ਟਰਾਲੇ 'ਤੇ ਨਾਲ ਰੱਖਦਾ ਸੀ ਤਾਂ ਜੋ ਕਿਸੇ ਨੂੰ ਉਸ 'ਤੇ ਸ਼ੱਕ ਨਾ ਪਵੇ।