ਜੇਐੱਨਐੱਨ, ਲੁਧਿਆਣਾ : ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਨਾਰਥ ਇੰਡੀਆ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਉੱਤਰੀ ਭਾਰਤ ਦੇ ਸੂਬਿਆਂ 'ਚ IRCTC ਦੀ ਸਾਈਟ 'ਤੇ ਹੋਟਲਾਂ ਦੀ ਬੁਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਮਝੌਤੇ ਨਾਲ ਇਕ ਫਰਵਰੀ ਤੋਂ ਲੋਕ ਸਾਈਟ 'ਤੇ ਹੋਟਲ ਬੁਕਿੰਗ ਦੀ ਸਹੂਲਤ ਲੈ ਸਕਣਗੇ। ਇਸ ਨਾਲ ਜਿੱਥੇ ਟੂਰਿਜ਼ਮ ਨੂੰ ਹੱਲਾਸ਼ੇਰੀ ਮਿਲੇਗੀ ਉੱਥੇ ਹੀ ਹੋਟਲ ਕਾਰੋਬਾਰੀਆਂ ਨੂੰ ਇਸ ਤਾਲਮੇਲ ਨਾਲ 12 ਫ਼ੀਸਦੀ ਤਕ ਆਕਿਊਪੈਂਸੀ ਰੇਟ ਵਧਣ ਦੀ ਉਮੀਦ ਹੈ।

ਹੋਟਲ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਅਮਰਵੀਰ ਸਿੰਘ ਨੇ ਕਿਹਾ ਕਿ ਫਿਲਹਾਲ ਨਿੱਜੀ ਬੁਕਿੰਗ ਸਾਈਟ 25 ਤੋਂ ਲੈ ਕੇ 35 ਫ਼ੀਸਦੀ ਤਕ ਕਮਿਸ਼ਨ ਹੋਟਲ ਮਾਲਕਾਂ ਤੋਂ ਬੁਕਿੰਗ ਲੈ ਰਹੀ ਹੈ। ਇਸ ਨਾਲ ਹੋਟਲ ਕਾਰੋਬਾਰੀਆਂ ਦੇ ਮਾਰਜਨ ਦਬਾਅ 'ਚ ਸਨ, ਪਰ IRCTC ਦੀ ਪਹਿਲ ਨਾਲ ਹੁਣ ਫਾਇਦਾ ਹੋਵੇਗਾ।

IRCTC ਦੀ ਸਾਈਟ 'ਤੇ ਰੋਜ਼ਾਨਾ 10 ਲੱਖ ਸੈਲਾਨੀ

IRCTC ਦੀ ਸਾਈਟ 'ਤੇ ਰੋਜ਼ਾਨਾ 9-10 ਲੱਖ ਲੋਕ ਦਸਤਕ ਦਿੰਦੇ ਹਨ। ਇਸ ਵਿਚੋਂ ਜ਼ਿਆਦਾਤਰ ਰੇਲ ਟਿਕਟ ਬੁਕਿੰਗ ਕਰਦੇ ਹਨ। 25 ਤੋਂ 30 ਫ਼ੀਸਦੀ ਤਕ ਲੋਕ ਹੋਟਲ ਬੁਕਿੰਗ ਲਈ ਹੋਰ ਸਾਈਟ 'ਤੇ ਸਰਚ ਕਰਦੇ ਹਨ, ਪਰ ਹੁਣ ਉਨ੍ਹਾਂ ਨੂੰ ਹੋਰ ਸਾਈਟ 'ਤੇ ਸਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਰੇਲ ਬੁਕਿੰਗ ਦੇ ਨਾਲ ਹੀ ਹੋਟਲ ਬੁਕਿੰਗ ਦੀ ਆਪਸ਼ਨ ਮੌਜੂਦ ਹੋਵੇਗੀ।

ਪੰਜਾਬ 'ਚ 12 ਹਜ਼ਾਰ ਤੋਂ ਜ਼ਿਆਦਾ ਹੋਟਲ

ਉੱਦਮੀਆਂ ਦਾ ਦਾਅਵਾ ਹੈ ਕਿ ਪੰਜਾਬ 'ਚ 12 ਹਜ਼ਾਰ ਤੋਂ ਜ਼ਿਆਦਾ ਹੋਟਲ ਹਨ। ਇਨ੍ਹਾਂ ਨੂੰ ਇਸ ਸਮਝੌਤੇ ਦਾ ਸਿੱਧਾ ਲਾਭ ਹੋਵੇਗਾ। ਪੰਜਾਬ 'ਚ ਹੋਟਲਾਂ ਦਾ ਆਕਿਊਪੈਂਸੀ ਰੇਟ ਫਿਲਹਾਲ 52 ਤੋਂ 57 ਫ਼ੀਸਦੀ ਹੈ। ਉਮੀਦ ਹੈ ਕਿ ਇਸ ਸਮਝੌਤੇ ਤੋਂ ਬਾਅਦ ਰੇਟ 'ਚ ਘੱਟੋ-ਘੱਟ 12 ਫ਼ੀਸਦੀ ਤਕ ਦਾ ਇਜ਼ਾਫ਼ਾ ਹੋ ਜਾਵੇਗਾ। ਹੋਟਲਾਂ 'ਚ ਗਾਹਕਾਂ ਦੀ ਆਮਦ ਵਧੇਗੀ।

ਹੋਟਲਾਂ ਦੀ ਆਰਥਿਕ ਹਾਲਤ ਸੁਧਰੇਗੀ : ਅਮਰਜੀਤ ਸਿੰਘ

ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਦੇ ਚੀਫ ਪੈਟਰਨ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ IRCTC ਕੋਲ ਹਰੇਕ ਹੋਟਲ ਬਾਰੇ ਪੂਰਾ ਰਿਕਾਰਡ ਹੋਵੇਗਾ। ਹੋਟਲ ਮਾਲਕਾਂ ਨੂੰ ਘੱਟ ਕਮੀਸ਼ਨ ਦੇਣੀ ਪਵੇਗੀ, ਇਸ ਨਾਲ ਉਨ੍ਹਾਂ ਦੇ ਮਾਰਜਨ 'ਚ ਇਜ਼ਾਫਾ ਹੋਵੇਗਾ। ਰਾਸ਼ਟਰੀ ਤੇ ਅੰਤਰਰਾਸ਼ਟਰੀ ਗਾਹਕ ਸਿੱਧੇ ਪੰਜਾਬ ਦੇ ਹੋਟਲਾਂ ਦੀ ਬੁਕਿੰਗ ਕਰ ਸਕਣਗੇ। ਇਸ ਨਾਲ ਹੋਟਲ ਕਾਰੋਬਾਰੀਆਂ ਦਾ ਫਾਇਦਾ ਹੋਵੇਗਾ।

ਨਾਰਥ ਇੰਡੀਆ 'ਚ ਹੋਣਗੇ ਇਹ ਸੂਬੇ

ਜੰਮੂ-ਕਸ਼ਮੀਰ, ਲੱਦਾਖ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਉੱਤਰਾਖੰਡ।

Posted By: Seema Anand