ਪੱਤਰ ਪ੍ਰਰੇਰਕ, ਲੁਧਿਆਣਾ : ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ 'ਚ ਵੱਖ-ਵੱਖ ਤਰ੍ਹਾਂ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸਮੂਹ ਹੋਟਲਾਂ/ਧਰਮਸ਼ਾਲਾਵਾਂ/ਸਰ੍ਹਾਵਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਦ ਵੀ ਕਿਸੇ ਵਿਅਕਤੀ ਨੇ ਠਹਿਰਨਾ ਹੋਵੇ ਤਾਂ ਸਬੰਧਤ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਈਵਿੰਗ ਲਾਈਸੈਂਸ, ਆਧਾਰ ਕਾਰਡ ਤੇ ਸ਼ਨਾਖਤੀ ਕਾਰਡ ਦੀ ਕਾਪੀ ਹਾਸਲ ਕਰ ਕੇ ਰਜਿਸਟਰ 'ਚ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬਿਨਾਂ ਸਬੂਤ ਦੇ ਕਮਰਾ ਕਿਰਾਏ 'ਤੇ ਨਾ ਦਿੱਤਾ ਜਾਵੇ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ 'ਚ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸਮੂਹ ਹੋਟਲਾਂ/ਧਰਮਸ਼ਾਲਾਵਾਂ/ਸਰਾਂ/ਗੈਸਟ ਹਾਊਸ/ਪੀ. ਜੀ/ਪੈਲੇਸ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਰਾਏ ਐਕਟ 1867 ਤਹਿਤ ਬਤੌਰ ਕੀਪਰ ਆਪਣੇ ਅਦਾਰਿਆਂ ਨੂੰ ਰਜਿਸਟਰਡ ਕਰਵਾਉਣ ਤੇ ਜਦ ਵੀ ਕਿਸੇ ਵਿਅਕਤੀ ਨੇ ਠਹਿਰਨਾ ਹੋਵੇ ਤਾਂ ਸਬੰਧਤ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਈਵਿੰਗ ਲਾਈਸੈਂਸ, ਆਧਾਰ ਕਾਰਡ ਤੇ ਸ਼ਨਾਖਤੀ ਕਾਰਡ ਦੀ ਕਾਪੀ ਲੈ ਕੇ ਰਜਿਸਟਰ 'ਚ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਤੇ ਬਿਨਾਂ ਸਬੂਤ ਦੇ ਕਮਰਾ ਕਿਰਾਏ 'ਤੇ ਨਾ ਦਿੱਤਾ ਜਾਵੇ। ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹਿਣਗੇ। ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ 'ਚ ਸਾਰੀਆਂ ਕਿਸਮ ਦੀਆਂ ਗੱਡੀਆਂ ਦੇ ਸ਼ੀਸ਼ਿਆਂ 'ਤੇ ਕਾਲੀਆਂ ਫਿਲਮਾਂ ਦੀ ਵਰਤੋਂ 'ਤੇ ਪਾਬੰਦੀ ਲਾਈ ਹੈ। ਉਨਾਂ ਕਿਹਾ ਕਿ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਬੈਠੇ ਵਿਅਕਤੀ ਦੀ ਪਛਾਣ ਕੀਤੀ ਜਾਣੀ ਮੁਸ਼ਕਲ ਹੋ ਜਾਂਦੀ ਹੈ ਤੇ ਕਈ ਵਾਰ ਅਜਿਹੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੀ ਵਰਤੋਂ ਕਰਕੇ ਸੰਗੀਨ ਜ਼ੁਰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ 'ਚ ਸਮੂਹ ਸ਼ਰਾਬ ਦੇ ਠੇਕਿਆਂ, ਰੇਹੜੀਆਂ, ਫੜ੍ਹੀਆਂ, ਢਾਬਿਆਂ ਅਤੇ ਆਮ ਦੁਕਾਨਾਂ ਦੇ ਬਾਹਰ ਖੱੁਲੇ੍ਹਆਮ ਜਨਤਕ ਥਾਵਾਂ 'ਤੇ ਸ਼ਰਾਬ ਪੀਣ 'ਤੇ ਪਾਬੰਦੀ ਲਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ, ਤਾਂ ਜੋ ਕਾਨੂੰਨ ਵਿਵਸਥਾ ਭੰਗ ਨਾ ਹੋਵੇ। ਇੱਕ ਹੋਰ ਹੁਕਮ ਰਾਹੀਂ ਸੜਕਾਂ ਫੁੱਟਪਾਥਾਂ ਉੱਪਰ ਰੇਹੜੀ ਫੜ੍ਹੀਆਂ ਲਾਉਣ, ਖਾਣ-ਪੀਣ ਦੀਆਂ ਵਸਤਾਂ ਵੇਚਣ ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕਾਂ 'ਤੇ ਸਾਮਾਨ ਰੱਖਣ 'ਤੇ ਪਾਬੰਦੀ ਲਾਈ ਗਈ ਹੈ। ਇਸ ਤਰ੍ਹਾਂ ਕਰਨ ਨਾਲ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਤੇ ਆਮ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਹ ਸਾਰੇ ਪਾਬੰਦੀ ਹੁਕਮ ਅਗਲੇ ਦੋ ਮਹੀਨੇ ਤਕ ਲਾਗੂ ਰਹਿਣਗੇ।