ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ

ਪੂਰੇ ਸੰਸਾਰ ਵਿੱਚ ਫੈਲੀ ਕਰੋਨਾ ਮਹਾਮਾਰੀ ਕਾਰਨ ਜਿੱਥੇ ਪੂਰੀ ਦੁਨੀਆਂ ਪਰੇਸ਼ਾਨੀ ਨਾਲ ਜੂਝ ਰਹੀ ਹੈ ਉਥੇ ਸਰਕਾਰਾਂ ਵੱਲੋਂ ਲੋਕਾਂ ਦੀ ਵੱਧ ਤੋਂ ਟੈਸਟਿੰਗ ਅਤੇ ਵੈਕਸੀਨ ਲਗਵਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ। ਪ੍ਰੰਤੂ ਹੈਲਥ ਵਿਭਾਗ ਦੇ ਕੁਝ ਮੁਲਾਜ਼ਮਾਂ ਵੱਲੋਂ ਇਸ ਨੂੰ ਲੈ ਕੇ ਪੂਰੀ ਲਾਪਰਵਾਹੀ ਵਰਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਪਿੰਡ ਸਿੱਧਵਾਂ ਬੇਟ ਦੇ ਸਿਵਲ ਹਸਪਤਾਲ ਸਿੱਧਵਾਂ ਬੇਟ ਵਿਖੇ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਸਟਾਫ ਵੱਲੋਂ ਕੋਵਿਡ 19 ਦਾ ਟੈਸਟ ਲੈਣ ਅਤੇ ਵੈਕਸੀਨ ਲਗਾਉਣ ਸਮੇਂ ਵਿਅਕਤੀ ਵੱਲੋਂ ਦਰਜ ਕਰਵਾਏ ਵੇਰਵੇ ਵਿੱਚ ਜ਼ਿਆਦਾ ਗਲਤੀਆਂ ਪਾਈਆਂ ਜਾ ਰਹੀਆਂ ਹਨ ਜਿਸਦੇ ਚਲਦਿਆਂ ਸਬੰਧਤ ਵਿਅਕਤੀ ਨੂੰ ਮੋਬਾਈਲ ਰਾਹੀਂ ਕੋਵਿਡ 19 ਦੇ ਟੈਸਟ ਅਤੇ ਵੈਕਸੀਨ ਲਗਵਾਉਣ ਸਬੰਧੀ ਕੋਈ ਮੈਸੇਜ ਨਹੀਂ ਮਿਲ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਕੋਵਿਡ 19 ਟੈਸਟ ਦੀ ਰਿਪੋਰਟ ਅਤੇ ਵੈਕਸੀਨ ਸਬੰਧੀ ਸਰਟੀਫਿਕੇਟ ਲੈਣ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਵਿਡ-19 ਰਿਪੋਰਟ ਨਾ ਮਿਲਣ ਕਾਰਨ ਜਿੱਥੇ ਸਰਕਾਰੀ ਪ੍ਰਰਾਈਵੇਟ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣ 'ਚ ਦੇਰੀ ਹੋ ਰਹੀ ਹੈ ਉਥੇ ਵੈਕਸੀਨ ਸਰਟੀਫਿਕੇਟ ਨਾ ਮਿਲਣ ਕਾਰਨ ਕਈ ਵਿਅਕਤੀਆਂ ਨੂੰ ਆਪਣੀਆਂ ਯਾਤਰਾਵਾਂ ਨੂੰ ਅੱਗੇ ਕਰਨਾ ਪੈ ਰਿਹਾ ਹੈ। ਜਦੋਂ ਟਾਈਮ ਸਿਰ ਰਿਪੋਰਟ ਨਾ ਮਿਲਣ ਤੇ ਖੱਜਲ ਖੁਆਰ ਵਿਅਕਤੀ ਵੱਲੋਂ ਸਬੰਧਤ ਸਟਾਫ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਤਲਖੀ ਭਰਿਆ ਰਵੱਈਆ ਅਪਣਾਇਆ ਜਾਂਦਾ ਹੈ ਅਤੇ ਆਪਣੀ ਗਲਤੀ ਛੁਪਾਉਣ ਲਈ ਆਨੇ-ਬਹਾਨੇ ਲਗਾਏ ਜਾਂਦੇ ਹਨ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਸਿੱਧਵਾਂ ਬੇਟ ਡਾ: ਮਨਦੀਪ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਸਟਾਫ ਨਵਾਂ ਹੋਣ ਕਾਰਨ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਜਲਦ ਹੀ ਇਸ ਵਿੱਚ ਸੁਧਾਰ ਕੀਤਾ ਜਾਵੇਗਾ।