ਜੇਐੱਨਐੱਨ, ਲੁਧਿਆਣਾ

ਹੌਜ਼ਰੀ ਵਿਚ ਮੁਨਾਫ਼ਾ ਘੱਟ ਜਾਣ 'ਤੇ ਵਪਾਰੀ ਨੇ ਸ਼ਰਾਬ ਸਮੱਗਲਿੰਗ ਦਾ ਰਾਹ ਫੜ ਲਿਆ। ਐਂਟੀ ਨਾਰਕੋਟਿਕ ਸੈੱਲ ਪੁਲਿਸ ਨੇ ਮੁਲਜ਼ਮ ਨੂੰ ਘਰੋਂ ਸ਼ਰਾਬ ਦੀ ਸਮੱਗਲਿੰਗ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਭਾਮੀਆਂ ਕਲਾਂ ਵਾਸੀ ਸ਼ਿਆਮ ਗੁਪਤਾ ਉਰਫ਼ ਮਨੋਜ ਵਜੋਂ ਕੀਤੀ ਹੈ। ਐਂਟੀ ਨਾਰਕੋਟਿਕ ਸੈੱਲ ਪੁਲਿਸ ਨੇ ਮੁਲਜ਼ਮ ਤੋਂ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਤੇ 396 ਨਿੱਕੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਸ਼ਿਆਮ ਉਰਫ਼ ਮਨੋਜ ਵਿਰੁੱਧ ਥਾਣਾ ਜਮਾਲਪੁਰ ਵਿਚ ਮਾਮਲਾ ਦਰਜ ਕਰ ਕੇ ਪੁੱਛ ਪੜਤਾਲ ਤੇਜ਼ ਕਰ ਦਿੱਤੀ ਗਈ ਹੈ।

ਐਂਟੀ ਨਾਰਕੋਟਿਕ ਸੈੱਲ ਵਿਚ ਤਾਇਨਾਤ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਸ਼ਿਆਮ ਗੁਪਤਾ ਹੌਜ਼ਰੀ ਦਾ ਵਪਾਰ ਕਰਦਾ ਸੀ। ਹੌਜ਼ਰੀ ਦੇ ਕੰਮ ਵਿਚ ਮੰਦੀ ਆਉਣ ਕਾਰਨ ਉਸ ਨੇ ਸ਼ਰਾਬ ਦੀ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਿਆਮ ਗੁਪਤਾ ਪੰਜਾਬ ਤੋਂ ਬਾਹਰੋਂ ਸ਼ਰਾਬ ਲੈ ਕੇ ਆਉਂਦਾ ਸੀ ਤੇ ਉਸ ਮਗਰੋਂ ਮਹਿੰਗੇ ਭਾਅ ਵੇਚ ਕੇ ਮੁਨਾਫ਼ਾ ਖੱਟ ਲੈਂਦਾ ਸੀ। ਇਹ ਵਪਾਰੀ ਘਰੋਂ ਹੀ ਸ਼ਰਾਬ ਦੀ ਸਮੱਗਲਿੰਗ ਕਰਦਾ ਆ ਰਿਹਾ ਸੀ। ਸ਼ਿਆਮ ਉਰਫ਼ ਮਨੋਜ ਦੇ ਹੋਰਨਾਂ ਸੰਪਰਕਾਂ ਬਾਰੇ ਪੁੱਛ ਪੜਤਾਲ ਜਾਰੀ ਹੈ।