ਕੁਲਵਿੰਦਰ ਸਿੰਘ ਰਾਏ, ਖੰਨਾ

ਥਾਣਾ ਸਿਟੀ-2 ਦੇ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਦੇ ਨਾਲ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਦੇ ਵਫ਼ਦ ਵੱਲੋਂ ਹਰਜੀਤ ਸਿੰਘ ਵਿੱਕੀ ਭਾਟੀਆ ਤੇ ਪਰਮਪ੍ਰਰੀਤ ਸਿੰਘ ਪੌਂਪੀ ਦੀ ਅਗਵਾਈ ਹੇਠਾਂ ਜੂਨ 1984 ਦੇ ਘੱਲੂਘਾਰੇ ਹਫ਼ਤੇ ਦੇ ਸਬੰਧ 'ਚ ਮੁਲਾਕਾਤ ਕੀਤੀ ਗਈ। ਜਿਸ ਵਿਚ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਪੱਤਰ ਦਿੱਤਾ ਤੇ ਕਿਹਾ ਕਿ ਖੰਨਾ ਸ਼ਹਿਰ ਹਿੰਦੂ-ਸਿੱਖ ਏਕਤਾ ਦਾ ਹਮੇਸ਼ਾ ਹਾਮੀ ਰਿਹਾ ਹੈ ਪਰ ਕੁਝ ਅਖੌਤੀ ਆਗੂ ਸ਼ਹਿਰ ਦਾ ਮਾਹੌਲ ਘੱਲੂਘਾਰੇ ਦੀ ਆੜ 'ਚ ਖਰਾਬ ਕਰਨਾ ਚਾਹੁੰਦੇ ਹਨ। ਕੁਝ ਅਖੌਤੀ ਆਗੂਆਂ ਵੱਲੋਂ 6 ਜੂਨ ਨੂੰ ਸਿੱਖ ਸ਼ਹੀਦਾਂ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਗਿਆ ਹੈ, ਜਿਹੜਾ ਆਪਸੀ ਭਾਈਚਾਰੇ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ। ਅਜਿਹਾ ਕਰਨ ਵਾਲਿਆਂ ਨੂੰ ਰੋਕਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਦਵਿੰਦਰ ਸਿੰਘ ਖੱਟੜਾ ਨੇ ਵੀ ਇਸ ਮਾਮਲੇ ਸਬੰਧੀ ਐੱਸਐੱਚਓ ਖਹਿਰਾ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਸੁਖਦੇਵ ਸਿੰਘ, ਬਾਬਾ ਬਹਾਦਰ ਸਿੰਘ ਖੰਨਾ ਖੁਰਦ, ਮਾ. ਭਜਨ ਸਿੰਘ, ਭੁਪਿੰਦਰ ਸਿੰਘ ਸਰਾਂ, ਬਲਵੀਰ ਸਿੰਘ ਹੈਪੀ ਮਲਹਾਂਸ, ਹਰਪ੍ਰਰੀਤ ਸਿੰਘ ਹੈਪੀ, ਲਖਵੀਰ ਸਿੰਘ ਭੱਟੀ ਆਦਿ ਹਾਜ਼ਰ ਸਨ।