ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ : ਕੋਰੋਨਾ ਵਾਇਰਸ ਦੌਰਾਨ ਲੱਗੇ ਲਾਕਡਾਊਨ ਕਾਰਨ ਹਾਲੇ ਵੀ ਕਈ ਲੋਕ ਦੂਜੇ ਸੂਬਿਆਂ 'ਚ ਫਸੇ ਹੋਏ ਹਨ। ਕੋਰੋਨਾ ਨੇ ਜਿਥੇ ਰਿਸ਼ਤਿਆਂ 'ਚ ਦੂਰੀਆਂ ਪੈਦਾ ਕਰ ਦਿੱਤੀਆਂ, ਉਥੇ ਹੀ ਇਸ ਮੁਸੀਬਤ ਦੀ ਘੜੀ 'ਚ ਕਈ ਲੋਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸਾਦੇ ਵਿਆਹ ਤਾਂ ਇਸ ਦੋ ਮਹੀਨੇ 'ਚ ਚਰਚਾ ਦਾ ਵਿਸ਼ਾ ਬਣੇ ਰਹੇ ਪਰ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ 'ਚ ਵਿਆਹ ਦੌਰਾਨ ਇਕ ਅਜਿਹੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ, ਜਿਥੇ ਇਕ ਮੁਸਲਿਮ ਪਰਿਵਾਰ ਨੇ ਹਿੰਦੂ ਲੜਕੀ ਦਾ ਕੰਨਿਆਦਾਨ ਕੀਤਾ।

ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਵਿਖੇ ਹਿੰਦੂ ਲੜਕੀ ਪੂਜਾ ਦੇ ਮਾਤਾ-ਪਿਤਾ ਲਾਕਡਾਊਨ ਕਾਰਨ ਮੁਰਾਦਾਬਾਦ (ਯੂਪੀ) 'ਚ ਫਸੇ ਹੋਏ ਹਨ। ਉਹ ਇੱਥੇ ਆਪਣੇ ਪਿਤਾ ਦੇ ਕਰੀਬੀ ਮੁਸਲਿਮ ਪਰਿਵਾਰ ਨਾਲ ਰਹਿ ਰਹੀ ਸੀ। ਪੂਜਾ ਦੀ ਮੰਗਣੀ ਲਾਕਡਾਊਨ ਤੋਂ ਪਹਿਲਾਂ ਨੇੜਲੇ ਪਿੰਡ ਸਾਹਨੇਵਾਲ ਵਾਸੀ ਸੁਦੇਸ਼ ਕੁਮਾਰ ਸੋਨੂੰ ਨਾਲ ਤੈਅ ਹੋਈ ਸੀ। ਵਿਆਹ ਦੀ ਤਰੀਕ 2 ਜੂਨ ਤੈਅ ਕੀਤੀ ਗਈ। ਵਿਆਹ ਲਈ ਖ਼ਰੀਦਦਾਰੀ ਵੀ ਸ਼ੁਰੂ ਕਰ ਦਿੱਤੀ ਦਿੱਤੀ। ਪੂਜਾ ਦੇ ਮਾਪੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਕਿਸੇ ਰਿਸ਼ਤੇਦਾਰ ਦੇ ਘਰ ਗਏ ਤੇ ਲਾਕਡਾਊਨ ਹੋਣ ਕਾਰਨ ਉਥੇ ਹੀ ਫਸ ਗਏ। ਪੂਜਾ ਤੇ ਉਸ ਦੇ ਪਿਤਾ ਵਰਿੰਦਰ ਸ਼ਰਮਾ ਤੇ ਮਾਤਾ ਅਦਮਾ ਪਰੇਸ਼ਾਨ ਹੋ ਗਏ। ਵਿਆਹ ਦੀ ਤਰੀਕ ਨੇੜੇ ਆਈ ਤਾਂ ਵਰਿੰਦਰ ਸ਼ਰਮਾ ਨੇ ਫੈਸਲਾ ਕੀਤਾ ਕਿ ਉਹ ਤਰੀਕ ਅੱਗੇ ਨਹੀਂ ਵਧਾਉਣਗੇ। ਉਨ੍ਹਾਂ ਨੇ ਆਪਣੇ ਦੋਸਤ ਸਾਜਿਦ ਨਾਲ ਗੱਲਬਾਤ ਕੀਤੀ ਤਾਂ ਸਾਜਿਦ ਨੇ ਕਿਹਾ ਕਿ ਉਹ ਫਿਕਰ ਨਾ ਕਰਨ, ਪੂਜਾ ਦੇ ਵਿਆਹ ਦੀਆਂ ਤਿਆਰੀਆਂ ਉਹ ਖ਼ੁਦ ਕਰਨਗੇ। ਆਖਿਰ ਵਿਆਹ ਦੀ ਤਰੀਕ 2 ਜੂਨ ਆ ਗਈ। ਸਾਰੀਆਂ ਤਿਆਰੀਆਂ ਕਰਦੇ ਹੋਏ ਸਾਜਿਦ ਤੇ ਉਨ੍ਹਾਂ ਦੀ ਪਤਨੀ ਸੋਨੀਆ ਨੇ ਹਿੰਦੂ ਧਰਮ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਤੇ ਪੂਜਾ ਦਾ ਕੰਨਿਆਦਾਨ ਕਰਨ ਤੋਂ ਬਾਅਦ ਉਸ ਦੀ ਡੋਲੀ ਵਿਦਾ ਕੀਤੀ।

ਸਾਦੇ ਢੰਗ ਨਾਲ ਹੋਈਆਂ ਰਸਮਾਂ, 16 ਲੋਕ ਹੋਏ ਸ਼ਾਮਲ

ਪਿੰਡ ਭੱਟੀਆਂ 'ਚ ਮੰਗਲਵਾਰ ਦੀ ਦੁਪਹਿਰ 11.30 ਵਜੇ ਦੇ ਕਰੀਬ ਸਾਦੇ ਢੰਗ ਨਾਲ ਪੂਜਾ ਤੇ ਸੁਦੇਸ਼ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਲੜਕੇ ਵਾਲਿਆਂ ਵੱਲੋਂ ਪਰਿਵਾਰ ਦੇ 6 ਲੋਕ ਤੇ ਲੜਕੀ ਵਾਲਿਆਂ ਵੱਲੋਂ 10 ਲੋਕ ਵਿਆਹ 'ਚ ਸ਼ਾਮਲ ਹੋਏ।

ਇਨਸਾਨੀਅਤ ਦਾ ਧਰਮ ਸਭ ਤੋਂ ਉਪਰ : ਸਾਜਿਦ

ਕੰਨਿਆਦਾਨ ਕਰ ਕੇ ਪਿਤਾ ਦਾ ਫਰਜ਼ ਨਿਭਾਉਣ ਵਾਲੇ ਸਾਜਿਦ ਨੇ ਕਿਹਾ ਕਿ ਪੂਜਾ ਉਸ ਨੂੰ ਆਪਣਾ ਮਾਮਾ ਮੰਨਦੀ ਹੈ। ਉਹ ਕੰਨਿਆਦਾਨ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪੂਜਾ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੈ ਪਰ ਇਨਸਾਨੀਅਤ ਦਾ ਧਰਮ ਸਭ ਤੋਂ ਉਪਰ ਹੈ।

ਮਾਮਾ-ਮਾਮੀ ਨੇ ਪੂਰੀ ਕੀਤੀ ਮਾਪਿਆਂ ਦੀ ਕਮੀ : ਪੂਜਾ

ਪੂਜਾ ਨੇ ਕਿਹਾ ਕਿ ਬੇਸ਼ੱਕ ਉਸ ਦੇ ਵਿਆਹ ਸਮਾਗਮ ਮੌਕੇ ਉਸ ਦੇ ਮਾਪੇ ਸ਼ਾਮਲ ਨਹੀਂ ਹੋ ਸਕੇ ਪਰ ਉਸ ਦੇ ਮਾਮਾ ਸਾਜਿਦ ਤੇ ਮਾਮੀ ਸੋਨੀਆ ਨੇ ਕੰਨਿਆਦਾਨ ਕਰ ਕੇ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

Posted By: Amita Verma