ਜੇਐੱਨਐੱਨ, ਲੁਧਿਆਣਾ : ਸੀਏਏ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ 'ਚ ਹੋਈਆਂ ਅੱਗਜ਼ਨੀ ਤੇ ਮਾਰਕੁੱਟ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ 'ਚ ਵੀ ਅਲਰਟ ਕਰ ਦਿੱਤਾ ਗਿਆ ਹੈ। ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ 'ਚ ਚੱਲ ਰਹੇ ਸ਼ਾਹੀਨ ਬਾਗ਼ ਵਰਗੇ ਧਰਨੇ 'ਤੇ ਨਜ਼ਰ ਹੋਰ ਵਧਾ ਦਿੱਤੀ ਗਈ ਹੈ। ਕਾਊਂਟਰ ਇੰਟੈਲੀਜੈਂਸ ਵਿਭਾਗ ਇੰਟੈਲੀਜੈਂਸ ਬਿਊਰੋ ਵੀ ਇਨਪੁੱਟ ਲੈ ਰਿਹਾ ਹੈ। ਇਹੀ ਨਹੀਂ ਮੁਸਲਿਮ ਭਾਈਚਾਰੇ ਤੇ ਹਿੰਦੂ ਨੇਤਾਵਾਂ ਦੇ ਬਿਆਨਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਪੁਲਿਸ ਵਿਭਾਗ ਦੇ ਸੂਤਰਾਂ ਅਨੁਸਾਰ ਇਕ ਗੁਪਤ ਪੱਤਰ ਰਾਹੀਂ ਸੀਆਈਡੀ ਤੇ ਆਈਬੀ ਨੇ ਅਲਰਟ ਜਾਰੀ ਕੀਤਾ ਹੈ। ਸ਼ੱਕ ਹੈ ਕਿ ਦਿੱਲੀ ਦੀ ਹਿੰਸਾ ਵਾਂਗ ਦੂਜੇ ਸੂਬਿਆਂ 'ਚ ਹਿੰਸਾ ਭੜਕ ਸਕਦੀ ਹੈ। ਉਨ੍ਹਾਂ ਸਾਰੇ ਹਿੰਦੂ ਤੇ ਮੁਸਲਿਮ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਜਾ ਰੀ ਹੈ ਜੋ ਕਦੇ ਵਲੀ ਕਿਸੇ ਵੀ ਘਟਨਾ 'ਚ ਸ਼ਾਮਲ ਰਹੇ ਹਨ।

ਦੱਸ ਦਈਏ ਕਿ ਵਰਧਮਾਨ ਚੌਕ ਸਥਿਤ ਸਤਕਰਤਾਰ ਕਾਰ ਬਾਜ਼ਾਰ 'ਚ ਬੈਠੇ ਸ਼ਿਵ ਸੇਨਾ ਨੇਤਾ ਅਮਿਤ ਅਰੋੜਾ ਦੀ ਖੜ੍ਹੀ ਕਾਰ 'ਤੇ ਫਾਇਰ ਹੋਇਆ ਸੀ। ਇਸ ਦੇ ਲਈ ਸਟੇਟ ਫੌਰੇਂਸਿਕ ਮਾਹਰ ਦੇ ਨਾਲ-ਨਾਲ ਏਡੀਜੀਪੀ ਪੱਧਰ ਦੇ ਅਧਿਕਾਰੀ ਇਥੇ ਜਾਂਚ ਕਰ ਰਹੇ ਹਨ। ਪੁਲਿਸ ਨੇ ਬੁੱਧਵਾਰ ਨੂੰ ਮਹਾਦੇਵ ਸੇਨਾ ਦੇ ਰਾਸ਼ਟਰੀ ਪ੍ਰਧਾਨ ਸੁਸ਼ੀਲ ਕੁਮਾਰ ਲੱਕੀ ਕਪੂਰ, ਮੀਤ ਪ੍ਰਧਾਨ ਸੁਨੀਲ ਕੁਮਾਰ ਨੂੰ ਵੀ ਗਨਮੈਨ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਅੱਧਾ ਦਰਜਨ ਹੋਰ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਲੰਧਰ ਬਾਈਪਾਸ 'ਤੇ ਲੱਗੇ ਧਰਨੇ 'ਤੇ ਹਰ ਵੇਲੇ ਤਿੰਨ ਸੀਆਈਡੀ ਅਧਿਕਾਰੀ ਮੌਜੂਦ ਰਹਿੰਦੇ ਹਨ ਤੇ ਆਉਣ ਜਾਣ ਵਾਲੇ ਹਰ ਸ਼ਖ਼ਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸੀਆਈਡੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਧਰਨੇ ਦੀ ਰਿਪੋਰਟ ਦੇਣਾ ਉਨ੍ਹਾਂ ਦਾ ਰੁਟੀਨ ਦਾ ਕੰਮ ਹੈ।

ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਫੂਕਿਆ ਮੋਦੀ ਦਾ ਪੁਤਲਾ

ਸੀਏਏ ਨੂੰ ਲੈ ਕੇ ਦਿੱਲੀ 'ਚ ਹੋ ਰਹੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਸੜਕ 'ਤੇ ਉਤਰ ਆਈ ਹੈ। ਜ਼ਿਲ੍ਹਾ ਕਾਂਗਰਸੀ ਕਮੇਟੀ ਸ਼ਹਿਰੀ ਨੇ ਇਸ ਦੇ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਇਸ ਦੇ ਵਿਰੋਧ 'ਚ ਹਾਲ ਗੇਟ 'ਚ ਪ੍ਰਦਰਸ਼ਨ ਕੀਤਾ ਗਿਆ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਟੀ ਦਾ ਪੁਤਲਾ ਫੂਕਣ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਪੋਸਟਰ ਫੂਕਿਆ।


ਮਾਲੇਰਕੋਟਲਾ 'ਚ ਵੀ ਦਿੱਲੀ ਹਿੰਸਾ ਦਾ ਡਰ

ਦਿੱਲੀ 'ਚ ਹੋ ਰਹੀ ਹਿੰਸਾ ਦਾ ਅਸਰ ਮਾਲੇਰਕੋਟਲਾ 'ਚ ਵੀ ਦਿਖਣ ਲੱਗ ਪਿਆ ਹੈ। ਦੂਜਾ 'ਸ਼ਾਹੀਨ ਬਾਗ਼' ਬਣੇ ਸਰਹੰਦੀ ਗੇਟ 'ਚ ਭਾਂਵੇ 10 ਦਿਨਾਂ ਤੋਂ ਧਰਨਾ ਜਾਰੀ ਹੈ, ਪਰ ਲੋਕਾਂ 'ਚ ਡਰ ਹੈ ਕਿ ਦਿੱਲੀ ਵਰਗੇ ਹਾਲਾਤ ਇਥੇ ਨਾ ਬਣ ਜਾਣ। ਦੂਜੇ ਪਾਸੇ ਪੁਲਿਸ ਨੇ ਧਰਨੇ ਵਾਲੀ ਥਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਪ੍ਰਦਰਸ਼ਨ ਕਰਨ ਵਾਲਿਆਂ ਤੇ ਹੋਰਾਂ 'ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ। ਬੁੱਧਵਾਰ ਨੂੰ ਸ਼ਹਿਰ 'ਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਪ੍ਰਸ਼ਾਸਨ ਦੀ ਪੀਸ ਕਮੇਟੀ ਨੇ ਬੈਠਕ ਕਰਨ ਤੋਂ ਬਾਅਦ ਫਲੈਗ ਮਾਰਚ ਕੱਢਿਆ ਗਿਆ। ਉਧਰ ਸਰਹੰਦੀ ਗੇਟ 'ਤੇ ਫਾਸੀਵਾਦੀ ਹਮਲੇ ਦੇ ਵਿਰੋਧੀ ਐਕਸ਼ਨ ਕਮੇਟੀ ਦੇ ਕਾਰਜਕਰਤਾ ਮੰਗਲ ਰਾਮ ਪਾਸਲਾ ਨੇ ਧਰਨੇ 'ਚ ਕਿਹਾ ਕਿ ਦਿੱਲੀ 'ਚ ਜੋ ਖ਼ੂਨ ਦੀ ਹੋਲੀ ਖੇਡੀ ਗਈ ਹੈ ਉਸ ਨੇ ਰਾਸ਼ਟਰੀ ਪੱਧਰ ਸਮੇਤ ਅੰਤਰਰਾਸ਼ਟਰੀ ਪੱਧਰ 'ਤੇ ਵੀ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।

Posted By: Amita Verma