ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੂਬੇ ਦੇ ਪ੍ਰਸਿੱਧ ਹੈਰੀਟੇਜ ਜਵੈਲਰਸ ਦੇ ਮਾਲਕ ਰੋਹਿਤ ਜੈਨ(48) ਨੇ ਆਪਣੇ ਘਰ ਵਿੱਚ ਹੀ ਸਿਰ ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ । ਮੁੱਢਲੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਜਵੈਲਰ ਨੂੰ ਦੋ ਵਿਅਕਤੀ ਪੈਸੇ ਦੀ ਦੇਣਦਾਰੀ ਦੇ ਚੱਲਦੇ ਪਰੇਸ਼ਾਨ ਕਰ ਰਹੇ ਸਨ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮ੍ਰਿਤਕ ਰੋਹਿਤ ਜੈਨ ਦੀ ਮਾਤਾ ਦੇ ਬਿਆਨਾਂ ਉੱਪਰ ਰੋਹਿਤ ਕੁਮਾਰ ਅਤੇ ਸੰਦੀਪ ਕੁਮਾਰ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਇੰਚਾਰਜ ਮਧੂਬਾਲਾ ਨੇ ਦੱਸਿਆ ਕਿ ਬਾੜੇਵਾਲ ਰੋਡ ਦੀ ਪੰਚਸ਼ੀਲ ਕਾਲੋਨੀ ਦੇ ਰਹਿਣ ਵਾਲੇ ਰੋਹਿਤ ਜੈਨ ਦਾ ਹੈਰੀਟੇਜ ਜਵੈਲਰਜ਼ ਨਾਮ ਦਾ ਸ਼ੋਅਰੂਮ ਮਾਲ ਰੋਡ ਤੇ ਹੈ । ਕਾਰੋਬਾਰ ਦੇ ਚੱਲਦੇ ਰੋਹਿਤ ਜੈਨ ਨੇ ਰੋਹਿਤ ਕੁਮਾਰ ਅਤੇ ਸੰਦੀਪ ਕੁਮਾਰ ਦੀ ਰਕਮ ਦੇਣੀ ਸੀ ।ਰੋਹਿਤ ਜੈਨ ਦੀ ਮਾਤਾ ਦੇ ਮੁਤਾਬਕ ਦੋਵੇਂ ਮੁਲਜ਼ਮ ਰੋਹਿਤ ਨੂੰ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਤੰਗ ਕਰ ਰਹੇ ਸਨ । ਰੋਹਿਤ ਜੈਨ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਸ਼ੁੱਕਰਵਾਰ ਸਵੇਰੇ ਦਸ ਵਜੇ ਦੇ ਕਰੀਬ ਆਪਣੇ ਕਮਰੇ ਵਿੱਚ ਹੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ । ਗੋਲੀ ਦੀ ਆਵਾਜ਼ ਸੁਣਦੇ ਸਾਰ ਹੀ ਰੋਹਿਤ ਜੈਨ ਦੀ ਮਾਤਾ ਉਸ ਦੇ ਕਮਰੇ ਵੱਲ ਭੱਜੀ । ਪੁੱਤਰ ਨੂੰ ਲਹੂ ਲੁਹਾਨ ਦੇਖ ਉਸ ਨੇ ਰੌਲਾ ਪਾਇਆ ,ਜਦੋਂ ਤੱਕ ਆਂਡੀ ਗੁਆਂਢੀ ਮੌਕੇ ਤੇ ਪਹੁੰਚੇ ਉਦੋਂ ਤੱਕ ਰੋਹਿਤ ਜੈਨ ਦੀ ਮੌਤ ਹੋ ਚੁੱਕੀ ਸੀ । ਮ੍ਰਿਤਕ ਰੋਹਿਤ ਜੈਨ ਦਾ ਇਕਲੌਤਾ ਪੁੱਤਰ ਦਿੱਲੀ ਵਿੱਚ ਪੜ੍ਹਾਈ ਕਰ ਰਿਹਾ ਹੈ । ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਅਤੇ ਰੋਹਿਤ ਕੁਮਾਰ ਤੇ ਸੰਦੀਪ ਕੁਮਾਰ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ ।

Posted By: Amita Verma