ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਇਲਾਕੇ ਦੇ 'ਚ ਇਨੀਂ ਦਿਨੀਂ ਝੋਨੇ ਦੀ ਕਟਾਈ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ ਤੇ ਉਧਰ ਬੀਤੀ ਰਾਤ ਤੇ ਅੱਜ ਦਿਨ ਸਮੇਂ ਆਈ ਬੇਮੌਸਮੀ ਭਾਰੀ ਬਰਸਾਤ ਨੇ ਕਿਸਾਨਾਂ ਦੀ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ। ਇਲਾਕੇ 'ਚ ਅਜੇ ਝੋਨੇ ਦੀ 40 ਕੁ ਫ਼ੀਸਦੀ ਹੀ ਝੋਨੇ ਦੀ ਕਟਾਈ ਹੋਈ ਹੈ ਤੇ 60 ਫ਼ੀਸਦੀ ਝੋਨਾ ਅਜੇ ਕਟਾਈ ਤੋਂ ਰਹਿੰਦਾ ਹੈ , ਅਜਿਹੇ 'ਚ ਬੇਮੌਸਮੀ ਬਰਸਾਤ ਫਸਲ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਰਹੀ ਹੈ।

ਇਲਾਕੇ ਦਾ ਦੌਰਾ ਕਰਨ ਤੇ ਦੇਖਿਆ ਗਿਆ ਕਿ ਬੀਤੀ ਰਾਤ ਚੱਲੀਆਂ ਤੇਜ ਹਵਾਵਾਂ ਨੇ ਪੱਕੀ ਖੜੀ ਝੋਨੇ ਦੀ ਫ਼ਸਲ ਧਰਤੀ 'ਤੇ ਵਿਛਾ ਕੇ ਰੱਖ ਦਿੱਤੀ ਤੇ ਬੀਤੀ ਰਾਤ ਤੇ ਅੱਜ ਦੁਪਹਿਰ ਤਕ ਆਏ ਭਾਰੀ ਮੀਂਹ ਨੇ ਖੇਤ ਪਾਣੀ ਨਾਲ ਭਰ ਦਿੱਤੇ, ਜਿਸ ਕਾਰਨ ਡਿੱਗਿਆ ਝੋਨਾ ਪਾਣੀ 'ਚ ਡੁੱਬ ਗਿਆ, ਜਿਸ ਨਾਲ ਯਕੀਨਨ ਝਾੜ ਘਟੇਗਾ ਤੇ ਪਾਣੀ ਨਾਲ ਭਰੇ ਖੇਤਾਂ ਨੂੰ ਸੁੱਕਣ ਲਈ ਵੀ ਅਜੇ ਕਈ ਦਿਨ ਲੱਗ ਸਕਦੇ ਹਨ।

ਦੂਜੇ ਪਾਸੇ ਮੰਡੀਆਂ 'ਚ ਝੋਨਾ ਲਈ ਬੈਠੇ ਕਿਸਾਨਾਂ ਦਾ ਝੋਨਾ ਵੀ ਪਾਣੀ ਨਾਲ ਭਿੱਜ ਗਿਆ, ਜਿਸ ਕਾਰਨ ਨਮੀ ਦੀ ਮਾਤਰਾ 'ਚ ਵਾਧਾ ਹੋਇਆ ਤੇ ਧੁੱਪ ਲਗਾਉਣ ਤੋਂ ਬਾਅਦ ਨਮੀ ਘਟਣ ਤੇ ਹੀ ਤੁਲਾਈ ਹੋਵੇਗੀ। ਬੀਤੀ ਰਾਤ ਤੇ ਅੱਜ 'ਚ ਪਏ ਮੀਂਹ ਕਾਰਨ ਆਮ ਜਨਜੀਵਨ ਪੂਰੀ ਤਰਾਂ ਪ੍ਰਭਾਵਿਤ ਰਿਹਾ ਤੇ ਸੜਕਾਂ 'ਤੇ ਵੀ ਸਿਰਫ ਗੱਡੀਆਂ ਹੀ ਦੌੜਦੀਆਂ ਨਜਰ ਆਈਆਂ, ਦੋਪਹੀਆ ਵਾਹਨ ਮੀਂਹ ਰੁਕਣ ਤੋਂ ਬਾਅਦ ਦਿਖਾਈ ਦਿੱਤੇ। ਕੁੱਲ ਮਿਲਾਕੇ ਬੀਤੀ ਰਾਤ ਤੇ ਅੱਜ ਦਿਨ 'ਚ ਪਏ ਰਿਕਾਰਡ ਤੋੜ ਭਾਰੀ ਮੀਂਹ ਨੇ ਜਿਥੇ ਮੌਸਮ 'ਚ ਠੰਢਕ ਲੈ ਆਂਦੀ, ਉਥੇ ਕਿਸਾਨਾਂ ਦੇ ਚਿਹਰਿਆਂ ਤੇ ਮਾਯੂਸੀ ਦੇਖਣ ਨੂੰ ਮਿਲੀ।