ਪੱਤਰ ਪੇ੍ਰਰਕ, ਜੌੜੇਪੁਲ ਜਰਗ : ਬੀਤੇ ਦਿਨੀ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਤੜਕਸਾਰ ਆਏ ਅਚਾਨਕ ਭਾਰੀ ਮੀਂਹ ਤੇ ਚੱਲੀਆਂ ਤੇਜ ਹਵਾਵਾਂ ਨੇ ਪੱਕਣ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਧਰਤੀ 'ਤੇ ਵਿਛਾ ਕੇ ਰੱਖ ਦਿੱਤੀ, ਜਿਸ ਕਾਰਨ ਕਿਸਾਨ ਭਰਾ ਮਾਯੂਸ ਨਜ਼ਰ ਆ ਰਹੇ ਹਨ।
ਜੌੜੇਪੁਲ ਜਰਗ ਇਲਾਕੇ ਦੇ ਲਗਪਗ ਸਾਰੇ ਹੀ ਪਿੰਡਾਂ ਜਰਗ, ਰੌਣੀ, ਸਿਰਥਲਾ, ਮਾਂਹਪੁਰ, ਮੁੱਲਾਂਪੁਰ, ਮਲਕਪੁਰ, ਭਰਥਲਾ ਰੰਧਾਵਾ, ਬੀਬੀਪੁਰ, ਬੌਂਪੁਰ, ਤੁਰਮਰੀ, ਹੋਲ, ਟੌਂਸਾ, ਫਤਹਿਪੁਰ, ਜਰਗੜੀ, ਜਲਾਜਣ, ਜ਼ੁਲਮਗੜ੍ਹ, ਦੀਵਾ ਮੰਡੇਰ, ਦੀਵਾ ਖੋਸਾ, ਅਲੂਣਾ, ਜੱਬੋਮਾਜਰਾ, ਭੁਰਥਲਾ ਮੰਡੇਰ, ਲਸੋਈ, ਧੀਰੋਮਾਜਰਾ, ਰੋਹਣੋ ਆਦਿ ਸਮੂਹ ਪਿੰਡਾਂ ਦਾ ਦੌਰਾ ਕਰਨ 'ਤੇ ਦੇਖਿਆ ਕਿ ਕਣਕ ਦੀ ਫ਼ਸਲ ਦੂਰ-ਦੂਰ ਤਕ ਧਰਤੀ 'ਤੇ ਵਿਛੀ ਪਈ ਸੀ ਤੇ ਕਿਸਾਨ ਭਰਾ ਚਿੰਤਾ ਦੇ ਆਲਮ 'ਚ ਨਜ਼ਰ ਆ ਰਹੇ ਸਨ।
ਇਸ ਮੀਂਹ ਨੇ ਕਣਕ ਦੀ ਫਸਲ ਦੇ ਨਾਲ-ਨਾਲ ਸਬਜ਼ੀਆਂ ਤੇ ਹਰੇ ਚਾਰੇ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ। ਇਲਾਕੇ ਦੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜੋ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ ਇਸ ਨਾਲ ਕਣਕ ਦਾ ਕਾਫੀ ਝਾੜ ਘਟੇਗਾ ਤੇ ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਪੁਰਜ਼ੋਰ ਮੰਗ ਕੀਤੀ ਕਿ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ।