ਪੰਜਾਬੀ ਜਾਗਰਣ ਟੀਮ, ਲੁਧਿਆਣਾ : ਸਿਵਲ ਸਰਜਨ ਡਾ. ਐੱਸਪੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਰਿਸ਼ੀ ਨਗਰ ਹੈਬੋਵਾਲ ਸਥਿਤ ਚੱਲ ਰਹੇ ਨਿੱਜੀ ਕਲੀਨਿਕ 'ਤੇ ਵੱਡੀ ਕਾਰਵਾਈ ਕਰਦਿਆਂ ਅਲਟਰਾ ਸਾਊਂਡ ਮਸ਼ੀਨ ਤੇ 30 ਹਜ਼ਾਰ 500 ਰੁਪਏ ਦੀ ਨਕਦੀ ਕਬਜ਼ੇ 'ਚ ਲੈ ਲਈ ਹੈ। ਸਿਵਲ ਸਰਜਨ ਲੁਧਿਆਣਾ ਡਾ, ਐੱਸਪੀ ਸਿੰਘ ਨੇ ਦੱਸਿਆ ਕੇ ਇਸ ਸਬੰਧੀ ਕਈ ਦਿਨਾਂ ਤੋ ਰੇਕੀ ਕੀਤੀ ਜਾ ਰਹੀ ਸੀ। ਅੱਜ ਜਦੋਂ ਉਕਤ ਹਸਪਤਾਲ 'ਚ ਅੌਰਤ ਵੱਲੋਂ ਗ਼ੈਰ-ਕਾਨੂੰਨੀ ਤੌਰ 'ਤੇ ਟੈਸਟ ਕੀਤੇ ਜਾ ਰਹੇ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ, ਜਿਸ ਦੌਰਾਨ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ। ਡਾ. ਹਰਪ੍ਰਰੀਤ ਸਿੰਘ ਅਨੁਸਾਰ ਗੁਪਤ ਸੂਤਰਾਂ ਦੇ ਆਧਾਰ 'ਤੇ ਉਕਤ ਹਸਪਤਾਲ 'ਚ ਛਾਪੇਮਾਰੀ ਕਰ ਕੇ ਸਕੈਨਿੰਗ ਮਸ਼ੀਨ, ਨਕਦੀ ਤੇ ਮਹਿਲਾ ਨੂੰ ਹਿਰਾਸਤ 'ਚ ਲਿਆ ਹੈ। ਡਾਕਟਰੀ ਟੀਮ ਵਿੱਚ ਡਾ. ਹਰਪ੍ਰਰੀਤ ਤੋਂ ਇਲਾਵਾ ਡਾ. ਅਨੂਪਿ੍ਰਆ, ਮਨਦੀਪ ਸਿੰਘ ਤੇ ਸਹਿਯੋਗੀ ਮੈਂਬਰਾਂ ਵੱਲੋਂ ਬੁੱਧਵਾਰ ਤੜਕਸਾਰ 6 ਵਜੇ ਹੰਬੜਾ ਰੋਡ 'ਤੇ ਸਥਿਤ ਰਿਸ਼ੀ ਨਗਰ ਦੇ ਪਲਾਟ ਨੰਬਰ 153 'ਚ ਮਹਿੰਦਰਾ ਹਸਪਤਾਲ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਅਣਅਧਿਕਾਰਤ ਤੌਰ 'ਤੇ ਚੱਲ ਰਹੀ ਪੋਰਟੇਬਲ ਸਕੈਨਿੰਗ ਮਸ਼ੀਨ ਤੇ 30 ਹਜ਼ਾਰ 500 ਰੁਪਏ ਜ਼ਬਤ ਕੀਤੇ ਗਏ। ਡਾ. ਸਿੰਘ ਨੇ ਦੱਸਿਆ ਕਿ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਰਿਸ਼ੀ ਨਗਰ 'ਚ ਇਕ ਨਾਜਾਇਜ਼ ਸਕੈਨਿੰਗ ਸੈਂਟਰ ਚੱਲ ਰਿਹਾ ਹੈ, ਜਿੱਥੇ ਭਰੂਣ ਦੀ ਜਾਂਚ ਲਈ ਪੋਰਟੇਬਲ ਮਸ਼ੀਨ ਰੱਖੀ ਗਈ ਹੈ। ਟੀਮ ਵੱਲੋਂ ਮੌਕੇ 'ਤੇ ਹੀ ਮਸ਼ੀਨ ਤੇ ਡਾਕਟਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਪਹਿਲਾਂ ਹਮੇਸ਼ਾ ਹਰਿਆਣਾ ਦੀਆਂ ਸਿਹਤ ਟੀਮਾਂ ਹੀ ਕਰਦੀਆਂ ਸਨ ਕਾਰਵਾਈ

ਲੁਧਿਆਣਾ ਦੇ ਸਿਹਤ ਵਿਭਾਗ 'ਚ ਪਹਿਲਾਂ ਵੀ ਅਨੇਕਾਂ ਪਰਿਵਾਰ ਭਲਾਈ ਅਫਸਰ ਆਏ ਤੇ ਗਏ, ਪਰ ਸਕੈਨਿੰਗ ਸੈਂਟਰਾਂ 'ਤੇ ਛਾਪੇਮਾਰੀ ਕਰਨ ਲਈ ਹਮੇਸ਼ਾ ਹੀ ਹਰਿਆਣਾ ਸੂਬੇ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਹੀ ਆ ਕੇ ਕਾਰਵਾਈ ਕਰਦੀਆਂ ਰਹੀਆਂ ਹਨ। ਦੱਸਣਯੋਗ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਭਿਣਕ ਤੱਕ ਨਹੀਂ ਲੱਗਦੀ ਸੀ। ਜਦੋਂ ਹਰਿਆਣਾ ਦੇ ਸ਼ਹਿਰ ਅੰਬਾਲਾ ਦੇ ਸਿਹਤ ਵਿਭਾਗ ਦੀਆਂ ਟੀਮਾਂ ਲੁਧਿਆਣਾ ਸ਼ਹਿਰ 'ਚ ਆ ਕੇ ਛਾਪੇਮਾਰੀ ਕਰ ਕੇ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਸਕੈਨਿੰਗ ਮਸ਼ੀਨਾਂ ਨੂੰ ਫੜਦੀਆਂ ਸਨ ਤੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲੈਂਦੀਆਂ ਸਨ।

===

ਪੀਏਯੂ ਪੁਲਿਸ ਵੱਲੋਂ ਮਹਿਲਾ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛ ਪੜਤਾਲ

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਮੌਕੇ ਤੇ ਪੀਏਯੂ ਪੁਲਿਸ ਨੂੰ ਬੁਲਾ ਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਸਮੇਤ ਅੌਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਅਗਲੇਰੀ ਕਾਰਵਾਈ ਪੀਏਯੂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

===

ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸਿਵਲ ਸਰਜਨ

ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਜ਼ਿਲ੍ਹੇ ਭਰ 'ਚ ਚੱਲ ਰਹੇ ਸਕੈਨ ਸੈਂਟਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸਕੈਨ ਸੈਂਟਰ ਮਾਲਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

=====

ਕਾਬੂ ਕੀਤੀ ਗਈ ਮਹਿਲਾ ਦਾ ਪੁੱਤ ਹੈ ਸਰਕਾਰੀ ਡਾਕਟਰ

ਸਿਵਲ ਸਰਜਨ ਡਾ. ਐਸਪੀ ਸਿੰਘ ਨੇ ਕਿਹਾ ਕਿ ਕਾਬੂ ਕੀਤੀ ਗਈ ਅੌਰਤ ਦਾ ਪੁੱਤ ਪਾਇਲ 'ਚ ਸਥਿਤ ਸਰਕਾਰੀ ਸਿਹਤ ਕੇਂਦਰ 'ਚ ਡਾਕਟਰ ਹੈ। ਪੁੱਤ 'ਤੇ ਵੀ ਸਾਨੂੰ ਸ਼ੱਕ ਹੈ। ਕਿਉਂਕਿ ਅੌਰਤ ਤੇ ਉਸ ਦਾ ਪੁੱਤ ਇਕੱਠੇ ਨਰਸਿੰਗ ਹੋਮ ਦੇ ਅੰਦਰ ਪਹਿਲੀ ਮੰਜਿਲ 'ਤੇ ਰਹਿੰਦੇ ਹਨ। ਜੇਕਰ ਇਕੱਠੇ ਰਹਿ ਰਹੇ ਹਨ ਤਾਂ ਅਜਿਹਾ ਨਹੀਂ ਹੋ ਸਕਦਾ ਕਿ ਪੁੱਤ ਨੂੰ ਮਾਂ ਦੇ ਇਸ ਧੰਦੇ ਦੇ ਬਾਰੇ 'ਚ ਪਤਾ ਨਾ ਹੋਵੇ। ਇਸ ਤੋਂ ਇਲਾਵਾ ਆਪ੍ਰਰੇਸ਼ਨ ਥਿਏਟਰ 'ਚ ਸਾਨੂੰ ਕੁਝ ਐਕਿਊਪੈਸ਼ੇਟਸ ਮਿਲੇ ਹਨ ਜੋ ਸਿਰਫ ਡਾਕਟਰ ਹੀ ਚਲਾ ਸਕਦਾ ਹੈ। ਅਜਿਹੇ 'ਚ ਅਸੀਂ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਪੁੱਤ ਤੇ ਨੂੰਹ ਤੋਂ ਵੀ ਪੁੱਛਗਿੱਛ ਕੀਤੀ ਜਾਵੇ।