ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੂਨਮ ਗੋਇਲ ਦੀ ਅਗਵਾਈ 'ਚ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਲਈ ਟੀਮ ਬਣਾਈ ਗਈ। ਟੀਮ ਦੀ ਅਗਵਾਈ ਜਸਵੀਰ ਸਿੰਘ ਖੰਨਾ (ਬੀਬੀਈ) ਵੱਲੋਂ ਕੀਤੀ ਗਈ। ਟੀਮ ਵੱਲੋਂ ਸਾਹਨੇਵਾਲ 'ਚ ਮਠਿਆਈ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਪੂਨਮ ਗੋਇਲ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਉਹਾਰਾਂ ਮੌਕੇ ਕਈ ਦੁਕਾਨਦਾਰ ਆਪਣੇ ਨਿੱਜੀ ਫਾਇਦੇ ਲਈ ਮਠਿਆਈਆਂ 'ਚ ਮਿਲਾਵਟ ਕਰਨ ਦਾ ਧੰਦਾ ਅਪਣਾਉਂਦੇ ਹਨ, ਜੋ ਕਿ ਲੋਕਾਂ ਦੀ ਜ਼ਿੰਦਗੀ ਨਾਲ ਸਰਾਸਰ ਇਕ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸਾਹਨੇਵਾਲ ਸ਼ਹਿਰ ਅੰਦਰ ਜਿੰਨੀਆਂ ਵੀ ਮਠਿਆਈ ਦੀਆਂ ਦੁਕਾਨਾਂ ਹਨ, ਉਨ੍ਹਾਂ ਦੀ ਪੂਰੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਜੋ ਲੋਕਾਂ ਨੂੰ ਤਿਉਹਾਰਾਂ ਮੌਕੇ ਸਾਫ਼-ਸੁਥਰੀ ਤੇ ਸ਼ੁੱਧ ਪਦਾਰਥਾਂ ਨਾਲ ਬਣੀ ਹੋਈ ਮਠਿਆਈ ਮਿਲ ਸਕੇ। ਜਸਵੀਰ ਸਿੰਘ ਖੰਨਾ ਨੇ ਦੱਸਿਆ ਕਿ ਇਸ ਮੌਕੇ ਦੁਕਾਨਦਾਰਾਂ ਨੂੰ ਹਦਾਇਤਾਂ ਵੀ ਕੀਤੀਆਂ ਕਿ ਮਠਿਆਈਆਂ ਬਣਾਉਣ ਸਮੇਂ ਕਿਸੇ ਵੀ ਕਿਸਮ ਦੀ ਮਿਲਾਵਟ ਨਾ ਕੀਤੀ ਜਾਵੇ ਤੇ ਮਠਿਆਈਆਂ ਬਣਾਉਣ ਸਮੇਂ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਖੋਆ ਤੇ ਪਨੀਰ ਆਦਿ ਖ਼ੁਦ ਦੁੱਧ ਤੋਂ ਤਿਆਰ ਕਰਨ ਅਤੇ ਸਪਲਾਈ ਹੋਏ ਦੁੱਧ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਮਠਿਆਈਆਂ ਵਿੱਚ ਆਈਐੱਸਆਈ ਮਾਰਕ ਮਨਜ਼ੂਰਸ਼ੁਦਾ ਰੰਗ ਕੇਵਲ ਵਰਤਿਆ ਜਾਵੇ। ਐਲੂਮੀਨੀਅਮ ਦੇ ਵਰਕਾਂ ਦੀ ਥਾਂ ਤੇ ਚਾਂਦੀ ਦੇ ਵਰਕਾਂ ਦਾ ਇਸਤੇਮਾਲ ਕੀਤਾ ਜਾਵੇ। ਮਠਿਆਈਆਂ ਬਣਾਉਣ ਲਈ ਪ੍ਰਯੋਗ ਕੀਤੇ ਜਾਣ ਵਾਲਾ ਕੱਚਾ ਮਾਲ ਉੱਚ ਗੁਣਵੱਤਾ ਤੇ ਲਾਇਸੈਂਸਸ਼ੁਦਾ ਫਰਮ ਤੋਂ ਬਿੱਲ ਰਾਹੀਂ ਖਰੀਦ ਕੇ ਇਸਤੇਮਾਲ ਕੀਤਾ ਜਾਵੇ।

ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗਾਂ ਆਉਣ ਵਾਲੇ ਸਮੇਂ ਅੰਦਰ ਵੀ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਖਾਣ-ਪੀਣ ਵਾਲਾ ਸਾਮਾਨ ਸਾਫ਼-ਸੁਥਰਾ ਮਿਲ ਸਕੇ। ਇਸ ਚੈਕਿੰਗ ਦੌਰਾਨ ਜਸਵੀਰ ਸਿੰਘ ਖੰਨਾ ਸਮੇਤ ਦਲਵੀਰ ਸਿੰਘ, ਗੁਰਦੇਵ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।