ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਹਵਸ 'ਚ ਅੰਨ੍ਹੇ ਹੋਏ ਇਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਮਤਰੇਈ ਧੀ ਨੂੰ ਕਈ ਵਾਰ ਹਵਸ ਦਾ ਸ਼ਿਕਾਰ ਬਣਾਇਆ। ਜਿਸ ਤਰ੍ਹਾਂ ਹੀ ਲੜਕੀ ਦੀ ਮਾਂ ਘਰ ਤੋਂ ਬਾਹਰ ਜਾਂਦੀ ਤਾਂ ਮੁਲਜ਼ਮ ਬੱਚੀ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਉਸ ਦੀ ਆਬਰੂ ਲੁੱਟ ਲੈਂਦਾ। ਸ਼ਰਮਨਾਕ ਘਟਨਾ ਦਾ ਪਤਾ ਲੱਗਣ ਤੇ ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਗੁੱਸੇ 'ਚ ਆਏ ਮੁਲਜ਼ਮ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਸਾਲ 2000 ਉਸ ਦਾ ਵਿਆਹ ਸੰਗਰੂਰ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਸੀ ਅਣਬਣ ਦੇ ਚਲਦੇ ਪਿਛਲੇ ਚਾਰ ਸਾਲ ਤੋਂ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਔਰਤ ਆਪਣੀ 14 ਸਾਲਾਂ ਦੀ ਧੀ ਨਾਲ ਉਸ ਮੁਲਜ਼ਮ ਦੇ ਕੋਲ ਚਲੀ ਗਈ ਤੇ ਦੋਵੇਂ ਲਿਵਿੰਗ ਰਿਲੇਸ਼ਨ 'ਚ ਰਹਿਣ ਲੱਗ ਪਏ। ਕੁਝ ਦਿਨਾਂ ਬਾਅਦ ਮੁਲਜ਼ਮ ਨੇ ਔਰਤ ਦੀ ਨਾਬਾਲਗ ਬੱਚੀ ਨਾਲ ਛੇੜਛਾੜ ਕੀਤੀ। ਡਰ ਦੇ ਮਾਰੇ ਬੱਚੀ ਨੇ ਕਿਸੇ ਨੂੰ ਕੁਝ ਨਾ ਦੱਸਿਆ। ਮੁਲਜ਼ਮ ਦਾ ਹੌਂਸਲਾ ਵੱਧ ਗਿਆ ਤੇ ਜਿਸ ਤਰ੍ਹਾਂ ਹੀ ਔਰਤ ਘਰ ਤੋਂ ਬਾਹਰ ਜਾਂਦੀ ਉਹ ਬੱਚੀ ਨੂੰ ਡਰਾ ਧਮਕਾ ਹਵਸ ਦਾ ਸ਼ਿਕਾਰ ਬਣਾ ਲੈਣਾ। ਇਸ ਸ਼ਰਮਨਾਕ ਘਟਨਾ ਦਾ ਪਤਾ ਲੱਗਦੇ ਹੀ ਲੜਕੀ ਦੀ ਮਾਂ ਦੇ ਹੋਸ਼ ਉੱਡ ਗਏ। ਉਸ ਨੇ ਜਦ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਔਰਤ ਨੇ ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਤਫਤੀਸ਼ੀ ਅਫਸਰ ਜਤਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Posted By: Sarabjeet Kaur