ਸਰਵਣ ਸਿੰਘ ਭੰਗਲਾਂ, ਸਮਰਾਲਾ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਤੇਜ਼ ਕਰਦਿਆਂ ਮੰਗਲਵਾਰ ਨੂੰ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਮਰਾਲਾ ਨੇੜੇ ਪਿੰਡ ਘੁਲਾਲ ਕੋਲ ਲੁਧਿਆਣਾ-ਚੰਡੀਗੜ੍ਹ ਕੌਮੀ ਮਾਰਗ ਵਿਚਲੇ ਟੋਲ ਪਲਾਜ਼ਾ 'ਤੇ ਰੋਸ ਧਰਨਾ ਲਾਇਆ ਗਿਆ। ਲੋਕ ਇਨਸਾਫ਼ ਪਾਰਟੀ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ, ਹਾਕੀ ਕਲੱਬ ਸਮਰਾਲਾ ਤੇ ਅਕਸ ਰੰਗ ਮੰਚ ਆਦਿ ਸਮਾਜਸੇਵੀ ਜਥੇਬੰਦੀਆਂ ਵੱਲੋਂ ਵੀ ਇਸ ਰੋਸ ਧਰਨੇ ਦੀ ਡੱਟਵੀਂ ਹਮਾਇਤ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲੱਖੋਵਾਲ, ਸਿੱਧੂਪੁਰ ਏਕਤਾ, ਉਗਰਾਹਾਂ ਤੇ ਹੋਰ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ 'ਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਜਗਜੀਤ ਸਿੰਘ ਡੱਲਵਾਲ ਪੰਜਾਬ ਪ੍ਰਧਾਨ ਬੀਕੇਯੂ ਸਿੱਧੂੁਪੁਰ, ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਸਿੱਧੂੁਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ, ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਕਾਲਾ ਘਵੱਦੀ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਧੱਕੇਸ਼ਾਹੀ ਨਾਲ ਦੇਸ਼ ਦੇ ਕਿਸਾਨਾਂ 'ਤੇ ਕਾਲੇ ਕਾਨੂੰਨਾਂ ਨੂੰ ਥੋਪ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨਾ ਚਾਹੁੰਦੀ ਹੈ, ਜੋ ਸਹੀ ਨਹੀਂ ਹੈ। ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਕਰਕੇ ਕੇਂਦਰ ਸਰਕਾਰ ਨੂੰ ਆਪਣੇ ਇਹ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਟੋਲ ਪਲਾਜਾ ਦੇ ਅਧਿਕਾਰੀ ਰੋਹਿਤ ਕੁਮਾਰ ਨੇ ਮੰਨਿਆ ਕਿ ਇਸ ਰੋਸ ਧਰਨੇ ਕਰ ਕੇ ਉਨ੍ਹਾਂ ਨੂੰ ਕਰੀਬ 4 ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਮੌਕੇ ਪ੍ਰਗਟ ਸਿੰਘ ਪਨੈਚ, ਉਤਮ ਸਿੰਘ ਬਰਵਾਲੀ, ਸਵਰਨਜੀਤ ਸਿੰਘ ਘੁਲਾਲ, ਬਚਿੰਤ ਸਿੰਘ ਨੀਲੋਂ ਕਲਾਂ, ਹਰੀਪਾਲ ਸਿੰਘ ਬਿਜਲੀਪੁਰ, ਅਮਨਦੀਪ ਲਿੱਟ ਬਿਜਲੀਪੁਰ, ਹਰਪ੍ਰਰੀਤ ਸਿੰਘ ਹੈਪੀ ਸਰਪੰਚ ਭੰਗਲਾਂ, ਹਰਦੀਪ ਸਿੰਘ ਭਰਥਲਾ, ਜਸਵੀਰ ਸਿੰਘ ਮਾਦਪੁਰ, ਮਲਕੀਤ ਸਿੰਘ ਪੂਨੀਆਂ, ਜਸਵੀਰ ਸਿੰਘ ਲੱਲਾਂ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ ਸਿਹਾਲਾ, ਭਾਵਾਧਸ ਆਗੂ ਸ਼ੰਕਲ ਕਲਿਆਣ, ਬਲਵਿੰਦਰ ਮਹਿਦੂਦਾਂ, ਦੀਪ ਦਿਲਬਰ, ਰਾਜਵਿੰਦਰ ਸਮਰਾਲਾ, ਕਿਰਨਦੀਪ ਸਰਪੰਚ ਬਾਲਿਓਂ ਆਦਿ ਹਾਜ਼ਰ ਸਨ।