ਜੇਐੱਨਐੱਨ, ਲੁਧਿਆਣਾ : ਸਿਰਫ਼ 350 ਕਿੱਲੋਮੀਟਰ ਤਕ ਐਂਬੂਲੈਂਸ ਦੇ ਸਫ਼ਰ ਦਾ ਕਿਰਾਇਆ 1.20 ਲੱਖ ਰੁਪਏ। ਸੁਣਨ ਵਿਚ ਸ਼ਾਇਦ ਹੈਰਾਨੀ ਹੋਵੇ, ਪਰ ਕੋਵਿਡ ਮਰੀਜ਼ਾਂ ਦੇ ਨਾਲ ਕੁਝ ਅਜਿਹਾ ਹੀ ਹੋ ਰਿਹਾ ਹੈ। ਚੁਫੇਰੇ ਲੁੱਟ ਮਚੀ ਹੈ। ਦਿੱਲੀ ਦੇ ਹਸਪਤਾਲ 'ਚ ਬੈੱਡ ਤੇ ਆਕਸੀਜਨ ਨਾ ਮਿਲਣ ਕਾਰਨ ਵੱਡੀ ਗਿਣਤੀ 'ਚ ਮਰੀਜ਼ ਲੁਧਿਆਣਾ ਦਾ ਰੁਖ਼ ਕਰ ਰਹੇ ਹਨ। ਅਮਨਦੀਪ ਕੌਰ ਅਨੁਸਾਰ ਗੁਰੂਗ੍ਰਾਮ 'ਚ ਰਹਿਣ ਵਾਲੀ ਉਸ ਦੀ ਮਾਂ ਸਤਿੰਦਰ ਕੌਰ ਦੀ ਤਬੀਅਤ ਖ਼ਰਾਬ ਹੋਣ ਕਾਰਨ ਲੁਧਿਆਣਾ 'ਚ ਇਕ ਹਸਪਤਾਲ 'ਚ ਬੈੱਡ ਦਾ ਇੰਤਜ਼ਾਮ ਕੀਤਾ।

ਅਮਨਦੀਪ ਕੌਰ ਨੇ ਇਸ ਦੇ ਲਈ ਜਦੋਂ ਐਂਬੂਲੈਂਸ ਕਿਰਾਏ 'ਤੇ ਦੇਣ ਵਾਲੀ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਉਸ ਕੋਲੋਂ 1.40 ਲੱਖ ਰੁਪਏ ਕਿਰਾਇਆ ਮੰਗਿਆ ਗਿਆ। ਹਾਲਾਂਕਿ ਉਨ੍ਹਾਂ ਕੋਲ ਆਕਸੀਜਨ ਦਾ ਆਪਣਾ ਸਿਲੰਡਰ ਸੀ ਤਾਂ ਕੰਪਨੀ ਨੇ 1.20 ਲੱਖ ਰੁਪਏ ਕਿਰਾਇਆ ਤੈਅ ਕਰ ਦਿੱਤਾ। ਜਦੋਂ ਪੁੱਛਿਆ ਕਿ ਏਨਾ ਕਿਰਾਇਆ, ਤਾਂ ਉਨ੍ਹਾਂ ਕਿਹਾ ਕਿ ਜਾਣੈ ਤਾਂ ਏਨਾ ਕਿਰਾਇਆ ਲੱਗੇਗਾ। ਲਿਹਾਜ਼ਾ, ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ ਸੀ ਇਸ ਲਈ 1.20 ਲੱਖ ਰੁਪਏ ਅਦਾ ਕਰ ਦਿੱਤੇ।

ਕਿਰਾਏ ਦੀ ਪਰਚੀ ਇੰਟਰਨੈੱਡ ਮੀਡੀਆ 'ਤੇ ਸ਼ੇਅਰ

ਮਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਤੋਂ ਬਾਅਦ ਅਮਨਦੀਪ ਨੇ ਕਿਰਾਏ ਦੀ ਪਰਚੀ ਤੇ ਕੰਪਨੀ ਦੇ ਵਿਵਹਾਰ ਨਾਲ ਸਬੰਧਤ ਗੱਲਾਂ ਇੰਟਰਨੈੱਟ ਮੀਡੀਆ 'ਤੇ ਸ਼ੇਅਰ ਕਰ ਦਿੱਤੀਆਂ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਕੰਪਨੀ ਖਿਲਾਫ਼ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਕੰਪਨੀ ਨੇ ਤੁਰੰਤ ਸਾਰੀ ਰਕਮ ਅਮਨਦੀਪ ਨੂੰ ਵਾਪਸ ਕਰ ਦਿੱਤੀ।

ਵਸੂਲੀ ਗਈ ਰਕਮ ਵਾਪਸ ਮਿਲੀ

ਹਾਲਾਂਕਿ ਅਮਨਦੀਪ ਨੂੰ ਦਿੱਤਾ ਕਿਰਾਇਆ ਵਾਪਸ ਮਿਲ ਗਿਆ ਪਰ ਉਹ ਕਹਿੰਦੀ ਹੈ ਕਿ ਇਹ ਰਕਮ ਉਹ ਲੋੜਵੰਦ ਕੋਵਿਡ ਮਰੀਜ਼ਾਂ ਲਈ ਖਰਚ ਕਰ ਦੇਵੇਗੀ। ਇਕ ਪਾਸੇ ਐਂਬੂਲੈਂਸ ਵਾਲੇ ਮਰੀਜ਼ਾਂ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਨ, ਉੱਥੇ ਹੀ ਔਰਤ ਨੇ ਵਾਪਸ ਮਿਲੀ ਰਕਮ ਨੂੰ ਵੀ ਬਾਕੀ ਮਰੀਜ਼ਾਂ ਉੱਪਰ ਖਰਚ ਕਰਨ ਦੀ ਗੱਲ ਕਹਿ ਕੇ ਇਕ ਮਿਸਾਲ ਪੇਸ਼ ਕੀਤੀ ਹੈ।

Posted By: Seema Anand