ਜੇਐੱਨਐੱਨ, ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਸ਼੍ਰੋਮਣੀ ਅਕਾਲੀ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਆਸੀ ਸਰਗਰਮੀ ਵਧਾ ਦਿੱਤੀ ਹੈ। ਅੱਜ ਉਹ ਲੁਧਿਆਣਾ ਦੌਰੇ 'ਤੇ ਆਈ। ਇਸ ਦੌਰਾਨ ਹਰਸਿਮਰਤ ਕੌਰ ਨੇ 'ਆਪ' ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ। ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਰਸਾਤੀ ਡੱਡੂ ਕਰਾਰ ਦਿੱਤਾ।

ਲੁਧਿਆਣਾ ਸਥਿਤ ਗੁਰਦਵਾਰਾ ਫੇਰੂਮਾਨ 'ਚ ਸ਼੍ਰੋਅਦ ਮਹਿਲਾ ਵਿੰਗ ਵੱਲੋਂ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਕੇਜਰੀਵਾਲ ਗ਼ਾਇਬ ਹੋ ਗਏ। ਹੁਣ ਚਾਰ ਸਾਲ ਬਾਅਦ ਉਨ੍ਹਾਂ ਨੂੰ ਚੋਣਾਂ ਵੇਲੇ ਪੰਜਾਬ ਦੀ ਯਾਦ ਆਈ ਤੇ ਬਰਸਾਤੀ ਡੱਡੂ ਵਾਂਗ ਟਪਕ ਪਏ। ਹੁਣ ਲੋਕਾਂ ਨੂੰ ਝੂਠੀ ਗਾਰੰਟੀਆਂ ਦੇ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਭਰਮਾ ਰਹੇ ਹਨ ਪਰ ਪੰਜਾਬੀ ਉਨ੍ਹਾਂ ਦੀਆਂ ਚਾਲਾਂ ਵਿਚ ਆਉਣ ਵਾਲੇ ਨਹੀਂ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਅਜਿਹੇ ਡੱਡੂਆਂ ਤੋਂ ਸਾਵਧਾਨ ਰਹਿਣ ਤੇ ਉਨ੍ਹਾਂ ਦੀਆਂ ਗੱਲਾਂ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮਾਡਲ ਲਿਆਉਣ ਦੀ ਗੱਲ ਕਰਦੇ ਹਨ, ਪਰ ਦਿੱਲੀ ਦੀ ਹਾਲਤ ਖਰਾਬ ਹੈ। ਉੱਥੋਂ ਦੀ ਜਨਤਾ ਜਾਣਦਾ ਹੀ ਕਿ ਉਨ੍ਹਾਂ ਕੀ ਕੀਤਾ। ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹਨ ਜਦਕਿ ਦਿੱਲੀ 'ਚ ਸਿਹਤ ਦੇ ਮਾਮਲੇ 'ਚ ਏਨੇ ਐਕਟਿਵ ਸਨ ਤਾਂ ਕੋਰੋਨਾ ਕਾਲ ਵਿਚ ਉੱਥੇ ਲਾਸ਼ਾਂ ਦੇ ਢੇਰ ਕਿਉਂ ਲੱਗੇ।

ਹਰਸਿਮਰਤ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਆਂ ਲਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜ ਸਾਲਾਂ ਵਿਚ ਪੰਜਾਬ 'ਤੇ ਚੜ੍ਹੇ ਕਰਜ਼ ਨੂੰ ਘਟਾਉਣ ਦੀ ਬਜਾਏ ਹੋਰ ਵਧਾ ਦਿੱਤਾ। ਪੰਜ ਸਾਲਾਂ 'ਚ ਇਕ ਲੱਖ ਕਰੋੜ ਦਾ ਕਰਜ਼ ਵਧਿਆ ਹੈ, ਪਰ ਸ਼੍ਰੋਅਦ-ਬਸਪਾ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੇ ਸਿਰ ਚੜ੍ਹੇ ਕਰਜ਼ ਨੂੰ ਘਟਾਏਗੀ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਨੇ ਝੂਠੇ ਵਾਅਦੇ ਕੀਤੇ ਤੇ ਹੁਣ ਚੰਨੀ ਸਰਕਾਰ ਕਰ ਰਹੀ ਹੈ। ਉਨ੍ਹਾਂ ਇਕ ਵੀ ਚੋਣ ਵਾਅਦੇ ਨੂੰ ਪੂਰਾ ਨਹੀਂ ਕੀਤਾ। ਹੁਣ ਚੋਣਾਂ ਦੇਖ ਕੇ ਇਕ ਤੋਂ ਬਾਅਦ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਕਦੀ ਖਾਲੀ ਨਹੀਂ ਹੁੰਦਾ, ਸਿਰਫ਼ ਕੰਮ ਕਰਨ ਦੀ ਨੀਅਤ ਤੇ ਵਿਜ਼ਨ ਚਾਹੀਦੈ।

Posted By: Seema Anand