ਐੱਸਪੀ ਜੋਸ਼ੀ, ਲੁਧਿਆਣਾ : ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਆਤਮ ਪਾਰਕ ਪੁਲ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸਕੂਟਰ ਸਵਾਰ ਮੁਟਿਆਰ ਸਮੇਤ 2 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਗਿੱਲ ਚੌਕ ਪੁਲ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਗਿ੍ਫਤਾਰ ਕੀਤਾ।

ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਦੀ ਪਛਾਣ ਸ਼ਾਮ ਨਗਰ ਰੇਲਵੇ ਕਲੋਨੀ ਦੀ ਰਹਿਣ ਵਾਲੇ ਪ੍ਰਵੀਨ ਕੁਮਾਰ ਅਤੇ ਸ਼ਿਮਲਾਪੁਰੀ ਜੈਨ ਦੇ ਠੇਕੇ ਦੀ ਵਾਸੀ ਰਿੰਕੀ ਦੇ ਰੂਪ ਵਿੱਚ ਹੋਈ ਹੈ। ਸ਼ੁਰੂਆਤੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਗਿ੍ਫ਼ਤਾਰ ਕੀਤਾ ਗਿਆ, ਪ੍ਰਵੀਨ ਕੁਮਾਰ ਉਰਫ ਕਾਲੀ ਉਰਫ ਸਾਹਿਲ ਰੇਲਵੇ ਸਟੇਸ਼ਨ ਵਿਖੇ ਪੱਲੇਦਾਰੀ ਦਾ ਕੰਮ ਕਰਦਾ ਹੈ, ਜਦਕਿ ਰਿੰਕੀ ਕੋਠੀਆਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਜਲਦੀ ਪੈਸਾ ਕਮਾਉਂਣ ਦੇ ਲਾਲਚ ਵਿੱਚ ਦੋਨੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜ ਗਏ। ਐਂਟੀ ਨਾਰਕੋਟਿਕਸ ਸੈੱਲ ਵੱਲੋਂ ਗਿ੍ਫ਼ਤਾਰ ਕੀਤੇ ਗਏ।

ਪ੍ਰਵੀਨ ਉਰਫ਼ ਕਾਲੀ ਖ਼ਿਲਾਫ ਪਹਿਲਾਂ ਵੀ ਮਹਾਂਨਗਰ ਦੇ ਤਿੰਨ ਵੱਖ-ਵੱਖ ਥਾਣਿਆਂ ਵਿੱਚ ਤਿੰਨ ਪਰਚੇ ਦਰਜ ਹਨ। ਇਕ ਹੋਰ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਲੋਹਾਰਾ ਰੋਡ ਦੇ ਰਹਿਣ ਵਾਲੇ ਜਰਨੈਲ ਸਿੰਘ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਪਾਰਟੀ ਨੇ ਅਰੋਪੀ ਨੂੰ ਸ਼ੇਰਪੁਰ ਚੌਂਕ ਵੇਲੇ ਉਸ ਮੌਕੇ ਗਿ੍ਫ਼ਤਾਰ ਕੀਤਾ, ਜਦ ਉਹ ਪੈਦਲ ਹੀ ਕੈਂਸਰ ਹਸਪਤਾਲ ਵੱਲੋਂ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਸੀ।

ਅਜਿਹੇ ਹੀ ਇਕ ਹੋਰ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਡਰੰਮਾਂ ਵਾਲੇ ਚੌਂਕ ਦੁਗਰੀ ਵਿਖੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਪ੍ਰਰੇਮ ਵਿਹਾਰ ਦੇ ਰਹਿਣ ਵਾਲੇ ਜਤਿੰਦਰ ਸ਼ਰਮਾ ਨੂੰ ਹਿਰਾਸਤ ਵਿੱਚ ਲਿਆ। ਤਲਾਸ਼ੀ ਦੇ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਪੁਲਿਸ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਆਸ ਹੈ ਕਿ ਗਹਿਨ ਪੜਤਾਲ ਦੌਰਾਨ ਮੁਲਜ਼ਮਾਂ ਦੇ ਨਸ਼ਾ ਪ੍ਰਰਾਪਤ ਕਰਨ ਦੇ ਸਰੋਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।