ਪੱਤਰ ਪ੍ਰਰੇਰਕ, ਲੁਧਿਆਣਾ : ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਵੱਲੋਂ ਦਿਵਿਆਂਗਾਂ ਨੂੰ ਹੁਨਰਮੰਦ ਬਣਾਉਣ ਦੇ ਮੰਤਵ ਨਾਲ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ ਕੀਤੇ ਹੋਏ ਹਨ, ਜਿਨ੍ਹਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 25 ਨਵੰਬਰ 2019 ਹੈ

ਸਹਾਇਕ ਡਾਇਰੈਕਟਰ (ਪੁਰਨਵਾਸ) ਅਸ਼ੀਸ਼ ਕੁੱਲੂ ਨੇ ਦੱਸਿਆ ਕਿ ਸਥਾਨਕ ਗਿੱਲ ਰੋਡ 'ਤੇ ਚੱਲ ਰਹੇ ਇਸ ਸੈਂਟਰ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨੌਕਰੀ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਪੁਨਰਵਾਸ ਦੇ ਉਪਰਾਲੇ ਕੀਤੇ ਜਾਂਦੇ ਹਨ ਇਹ ਛੇ ਮਹੀਨੇ ਦੇ ਕੋਰਸ ਅਕਾਦਮਿਕ ਸਾਲ 2019-20 ਲਈ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਵਿਦਿਆਰਥੀਆਂ ਨੂੰ ਮੈਟਲ, ਕਟਿੰਗ ਤੇ ਟੇਲਰਿੰਗ, ਰੇਡੀਓ ਤੇ ਟੈਲੀਵਿਜ਼ਨ ਆਦਿ ਟਰੇਡਾਂ ਨਾਲ ਸਬੰਧਤ ਸਿਖ਼ਲਾਈ ਕਰਵਾਈ ਜਾਵੇਗੀ। ਕੋਰਸ ਦੌਰਾਨ ਪ੍ਰਤੀ ਮਹੀਨਾ 2500 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਇਨ੍ਹਾਂ ਕੋਰਸਾਂ ਨੂੰ ਕਰਨ ਦੇ ਇੱਛੁਕ ਵਿਅਕਤੀ ਦਾਖ਼ਲੇ ਲਈ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਉਮੀਦਵਾਰ ਦੀ ਉਮਰ 15 ਤੋਂ 50 ਸਾਲ ਦੇ ਦਰਮਿਆਨ ਤੇ ਅਪੰਗਤਾ 40 ਫ਼ੀਸਦੀ ਤੋਂ ਵੱਧ ਹੋਣੀ ਚਾਹੀਦੀ ਹੈ। ਦਾਖ਼ਲੇ ਲਈ ਸਿਰਫ਼ ਲਿਖਤੀ ਅਰਜ਼ੀ ਹੀ ਦੇਣੀ ਪਵੇਗੀ। ਅਰਜ਼ੀ ਨਾਲ ਅਪੰਗਤਾ ਸਰਟੀਫਿਕੇਟ/ਆਧਾਰ ਕਾਰਡ/ਬੈਂਕ ਖਾਤਾ ਕਾਪੀ/ਜਾਤੀ ਸਰਟੀਫਿਕੇਟ/ਪੜ੍ਹਾਈ ਸੰਬੰਧੀ ਸਰਟੀਫਿਕੇਟ ਨਾਲ 2 ਪਾਸਪੋਰਟ ਤਸਵੀਰਾਂ ਲਗਾਉਣੀਆਂ ਪੈਣਗੀਆਂ। ਜੇਕਰ ਕੋਈ ਸੰਸਥਾ (ਜੋ ਕਿ ਅਜਿਹੇ ਵਿਅਕਤੀਆਂ ਲਈ ਵਿਸ਼ੇਸ਼ ਕੰਮ ਕਰਦੀ ਹੋਵੇ) ਜ਼ਿਆਦਾ ਗਿਣਤੀ 'ਚ ਵਿਦਿਆਰਥੀਆਂ ਨੂੰ ਇਹ ਕੋਰਸ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਨਾਲ ਦਿਵਿਆਂਗਾਂ ਨੂੰ ਸਮਾਜ ਦੇ ਹਰ ਖੇਤਰ 'ਚ ਬਰਾਬਰਤਾ ਤੇ ਮਹੱਤਵ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਛੁੱਕ ਵਿਅਕਤੀ ਜਾਂ ਸੰਸਥਾਵਾਂ ਗਿੱਲ ਸੜਕ ਸਥਿਤ ਅਡਵਾਂਸ ਟਰੇਨਿੰਗ ਇੰਸਟੀਚਿਊਟ (ਏਟੀਆਈ) ਵਿਖੇ 25 ਨਵੰਬਰ ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹਨ।