ਜਾਗਰਣ ਸੰਵਾਦਦਾਤਾ, ਲੁਧਿਆਣਾ : STF ਨੇ ਇਕ ਜਿਮ ਟ੍ਰੇਨਰ ਨੂੰ 2 ਕਿਲੋ 800 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਿਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ 18 ਕਰੋੜ ਰੁਪਏ ਬਣਦੀ ਹੈ। ਇਹ ਹੈਰੋਇਨ ਉਸ ਦੀ ਸਵਿਫਟ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਰੱਖੇ ਇਕ ਲੈਪਟਾਪ ਬੈਗ 'ਚੋਂ ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਦੇ ਕਬਜ਼ੇ 'ਚੋਂ ਇਕ ਇਲੈਕਟ੍ਰਾਨਿਕ ਸਟਿਕ ਤੇ 40 ਟਰਾਂਸਪੇਰੈਂਟ ਪਲਾਸਟਿਕ ਦੇ ਪਾਊਚ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸਵਿਫਟ ਕਾਰ 'ਚ ਸਵਾਰ ਹੋ ਕੇ ਕਰਦਾ ਸੀ ਸਮੱਗਲਿੰਗ

ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਉਰਫ਼ ਦੀਪ ਵਾਸੀ ਕੋਟ ਮੰਗਲ ਸਿੰਘ ਦੀ ਗਲੀ ਨੰਬਰ 35 ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਉਹ ਕਰਤਾਰ ਚੌਕ ਦੇ ਨਿਊ ਅਮਰ ਨਗਰ ਇਲਾਕੇ 'ਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਇੰਸਪੈਕਟਰ ਹਰਬੰਸ ਸਿੰਘ ਨੂੰ ਸੋਮਵਾਰ ਸਵੇਰੇ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੀ ਸਵਿਫਟ ਕਾਰ 'ਚ ਸਮੱਗਲਿੰਗ ਕਰਦਾ ਹੈ। ਅੱਜ ਵੀ ਉਹ ਆਪਣੇ ਕਿਰਾਏ ਦੇ ਮਕਾਨ ਦੇ ਬਾਹਰ ਕਾਰ 'ਚ ਬੈਠਾ ਹੋਇਆ ਹੈ। ਸੂਚਨਾ ਦੇ ਆਧਾਰ 'ਤੇ ਐੱਸਟੀਐੱਫ ਨੇ ਉੱਥੇ ਛਾਪਾ ਮਾਰ ਕੇ ਉਸ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਪਹਿਲਾਂ ਉਹ ਪਿੰਡ ਗਿੱਲ ਦੇ ਵਰਨਾ ਆਫ ਜਿਮ 'ਚ ਟਰੇਨਰ ਵਜੋਂ ਕੰਮ ਕਰਦਾ ਸੀ। ਲਾਕਡਾਊਨ ਤੋਂ ਬਾਅਦ ਉਸ ਦਾ ਕੰਮ ਛੁੱਟ ਗਿਆ। ਇਸ ਦੌਰਾਨ ਉਸ ਨੇ ਹੈਰੋਇਨ ਲੈਣੀ ਸ਼ੁਰੂ ਕਰ ਦਿੱਤੀ। ਨਸ਼ੇ ਦੀ ਪੂਰਤੀ ਲਈ ਉਹ ਹੈਰੋਇਨ ਵੇਚਣ ਵੀ ਲੱਗ ਗਿਆ। ਉਸ ਖ਼ਿਲਾਫ਼ ਨਸ਼ਾ ਤਸਕਰੀ ਅਤੇ ਕੁੱਟਮਾਰ ਦੇ ਦੋ ਕੇਸ ਦਰਜ ਹਨ। ਦਵਿੰਦਰ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Posted By: Seema Anand