ਹਰਜੋਤ ਸਿੰਘ ਅਰੋੜਾ, ਲੁਧਿਆਣਾ

ਲੋਕ ਇਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੀਏਸੀ ਮੈਂਬਰ ਜਤਿੰਦਰਪਾਲ ਸਿੰਘ ਸਲੂਜਾ ਨੇ ਕਾਬੁਲ, ਅਫਗਾਨਿਸਤਾਨ ਵਿਖੇ ਗੁਰਦੁਆਰੇ 'ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਥੋੜ੍ਹੀ ਹੈ ਕਿਉਂਕਿ ਸਿੱਖ ਧਰਮ ਹਮੇਸ਼ਾ ਦਿਨ ਰਾਤ, ਸਰਬੱਤ ਦਾ ਭਲਾ ਮੰਗਦਾ ਹੈ ਪਰ ਕਈ ਦੇਸ਼ਾਂ ਦੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਰੱਖਣ ਵਿਚ ਨਾਕਾਮ ਰਹੀਆ ਹਨ। ਸਲੂਜਾ ਨੇ ਕਿਹਾ ਕਿ ਨਿੱਤ ਦਿਨ ਸਿੱਖਾਂ ਉੱਪਰ ਦੇਸ਼ ਵਿਦੇਸ਼ ਵਿੱਚ ਨਸਲੀ ਹਮਲੇ ਹੁੰਦੇ ਰਹਿੰਦੇ ਹਨ ਜੋ ਕਿ ਮਨੱੁਖਤਾ 'ਤੇ ਕਾਲਾ ਧੱਬਾ ਹਨ। ਸਲੂਜਾ ਨੇ ਜਿੱਥੇ ਮਰਨ ਵਾਲੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਅਫਗਾਨੀ ਸਰਕਾਰ ਨਾਲ ਰਾਬਤਾ ਕਰ ਕੇ ਇਸ ਹਮਲੇ ਵਿਚ ਕਸੂਰਵਾਰ ਅੱਤਵਾਦੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਉੱਥੇ ਰਹਿ ਰਹੀ ਘੱਟ ਗਿਣਤੀ ਸਿੱਖ ਕੌਮ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ ਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।