ਸੁਖਦੇਵ ਸਿੰਘ, ਲੁਧਿਆਣਾ

ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ ਮਾਡਲ ਟਾਊਨ ਵਿਖੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਤੇ ਕਾਲਜ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਈਕਿਊਏਸੀ ਸੈੱਲ ਵੱਲੋਂ 'ਵਿਸਮਾਦ' ਸੈਮੀਨਾਰ ਤੇ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਪਦਮ ਭੂਸ਼ਣ ਡਾ. ਐੱਸਐੱਸ ਜੌਹਲ ਚਾਂਸਲਰ ਸੈਟਰਲ 'ਵਰਸਿਟੀ ਆਫ ਪੰਜਾਬ ਬਿਠੰਡਾ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ। ਪਿ੍ਰੰਸੀਪਲ ਮਨਿੰਦਰ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਸਿੱਧ ਮੂਰਤੀਕਾਰ, ਚਿੱਤਰਕਾਰ ਫਿਲਮਕਾਰ ਗਾਇਕ ਤੇ ਕਥਾਕਾਰ ਸਿਧਾਰਥ ਨੇ 'ਜਾਹਰ ਪੀਰ ਜਗਤੁ ਗੁਰੁ ਬਾਬਾ' ਵਿਸ਼ੇ 'ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਿਧਾਂਤਾਂ 'ਤੇ ਵਿਚਾਰ ਸਾਂਝੇ ਕੀਤੇ ਤੇ ਕੈਨਵਸ 'ਤੇ ਕਲਾਕਿ੍ਰਤੀ ਵੀ ਬਣਾਈ। ਕਾਲਜ ਦੇ ਕੋਮਲ ਕਲਾ ਵਿਭਾਗ ਵੱਲੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ। ਡਾ. ਐੱਸਐੱਸ ਜੌਹਲ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਆਪਣੇ ਸੰਬੋਧਨ 'ਚ ਗੁਰੂ ਨਾਨਕ ਸਾਹਿਬ ਦੇ ਸੰਦਰਭ 'ਚ ਆਰਥਿਕਤਾ ਦੀ ਗੱਲ ਕੀਤੀ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕਾਲਜਾਂ ਤੇ ਸਕੂਲਾਂ ਤੋ ਅਧਿਆਪਕ ਤੇ ਵਿਦਿਆਰਥੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਕਾਲਜ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰ. ਗੁਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।