ਹਰਜੋਤ ਸਿੰਘ ਅਰੋੜਾ, ਲੁਧਿਆਣਾ

'ਪੰਜਾਬ ਦੀ ਸਨਅਤ ਨੂੰ ਬਿਜਲੀ 11 ਰੁਪਏ ਪ੍ਰਤੀ ਯੂਨਿਟ ਤੋਂ ਲੈ ਕੇ 20 ਰੁਪਏ ਪ੍ਰਤੀ ਯੂਨਿਟ ਤੱਕ ਪੈ ਰਹੀ ਹੈ'। ਇਹ ਗੱਲ ਅੱਜ ਸਨਅਤੀ ਸੰਗਠਨ ਫੈੱਡਰੇਸ਼ਨ ਆਫ ਇੰਡਸਟਰੀ ਐਂਡ ਕਮਰਸ਼ੀਅਲ ਅੰਡਰਟੇਕਿੰਗ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਸਨਅਤ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ ਜਿਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਭਰ ਦੀ ਸਨਅਤ ਵੱਲੋਂ ਕਾਂਗਰਸ ਨੂੰ ਵੋਟਾਂ ਪਾਈਆਂ ਗਈਆਂ ਅਤੇ ਸੱਤਾ ਵਿੱਚ ਲਿਆਂਦਾ ਗਿਆ ਪਰ ਪੰਜਾਬ ਦੀ ਸਨਅਤ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਕਦੇ ਵੀ ਨਸੀਬ ਨਹੀਂ ਹੋਈ ਜੇ ਪੰਜਾਬ ਦੀ ਸਨਅਤ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ ਹੈ ਤਾਂ ਉਨ੍ਹਾਂ ਤੇ ਫਿਕਸ ਚਾਰਜਿਜ਼ ਇੰਨੇ ਜ਼ਿਆਦਾ ਲਗਾ ਦਿੱਤੇ ਗਏ ਹਨ ਕਿ ਇਹ ਬਿਜਲੀ ਪੰਜਾਬ ਦੀ ਸਨਅਤ ਨੂੰ 11 ਰੁਪਏ ਪ੍ਰਤੀ ਯੂਨਿਟ ਤੋਂ ਲੈ ਕੇ 20 ਰੁਪਏ ਪ੍ਰਤੀ ਯੁਨਿਟ ਤੱਕ ਪੈ ਰਹੀ ਹੈ

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਰਾਤ ਵਿੱਚ ਨਾਈਟ ਟੈਰਿਫ ਦੇ ਅਧੀਨ ਬਿਜਲੀ ਵਰਤੇ ਜਾਣ ਤੇ ਸਵਾ ਰੁਪਏ ਬਿਜਲੀ ਸਸਤੀ ਮਿਲ ਰਹੀ ਸੀ ਜੋ ਕਿ ਹੁਣ ਖ਼ਤਮ ਕਰ ਦਿੱਤੀ ਗਈ ਹੈ

ਪ੍ਰਧਾਨ ਗੁਰਮੀਤ ਕੁਲਾਰ ਨੇ ਦੱਸਿਆ ਕਿ ਅਪ੍ਰਰੈਲ- ਮਈ ਦੌਰਾਨ ਲਾਕਡਾਊਨ ਦੇ ਚੱਲਦਿਆਂ ਇੰਡਸਟਰੀ ਉੱਪਰ ਲਗਾਏ ਗਏ ਫਿਕਸ ਚਾਰਜ ਖਤਮ ਕਰ ਦਿੱਤੇ ਗਏ ਸਨ ਪਰ ਇਹ ਹੁਣ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਦੀ ਸਨਅਤ ਨੂੰ ਸਤੰਬਰ ਤੋਂ ਲੈ ਕੇ ਮਾਰਚ ਤੱਕ ਛੇ ਮਹੀਨਿਆਂ ਵਿੱਚ ਇਹ ਫਿਕਸ ਚਾਰਜ ਦੇਣੇ ਪੈਣਗੇ ਜਿਸ ਨਾਲ ਬਿਜਲੀ 11 ਰੁਪਏ ਤੋਂ 20 ਰੁਪਏ ਪ੍ਰਤੀ ਯੂਨਿਟ ਤੱਕ ਸਨਅਤ ਨੂੰ ਪਵੇਗੀ

ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸਨਅਤ ਨੂੰ ਬਿਜਲੀ ਮਹਿੰਗੀ ਪੈਣ ਨਾਲ ਉਨ੍ਹਾਂ ਨੂੰ ਮਿਲਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵੀ ਜ਼ਿਆਦਾ ਪੈ ਰਹੀਆਂ ਹਨ ਜਿਸ ਕਾਰਨ ਅੱਜ ਮੁਕਾਬਲੇਬਾਜ਼ੀ ਦੇ ਯੁੱਗ ਦੇ ਵਿੱਚ ਪੰਜਾਬ ਦੀ ਸਨਅਤ ਆਪਣੇ ਦੇਸ਼ ਦੀ ਸਨਅਤ ਨਾਲ ਹੀ ਮੁਕਾਬਲਾ ਕਰਨਾ ਪੈ ਰਿਹਾ ਹੈ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪੰਜਾਬ ਦੀ ਸਨਅਤ ਉੱਪਰ ਇੰਨਾ ਜ਼ਿਆਦਾ ਬੋਝ ਨਾ ਪਾਇਆ ਜਾਵੇ ਕਿਉਂਕਿ ਪੰਜਾਬ ਦੀ ਸਨਅਤ ਪਹਿਲਾਂ ਹੀ ਵੈਟ, ਵਾਟਰ ਸੀਵਰੇਜ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਕਸ ਦੇ ਰਹੀ ਹੈ ਇਸ ਤੋਂ ਇਲਾਵਾ ਬਿਜਲੀ ਬਿੱਲ ਉਪਰ ਇਨਫਰਾਸਟਰੱਕਚਰ ਟੈਕਸ ਲਗਾ ਦਿੱਤਾ ਗਿਆ ਹੈ ਜੋ ਕਿ 20 ਫ਼ੀਸਦੀ ਬਣਦਾ ਹੈ ਜੋ ਕਿ ਤੁਰੰਤ ਵਾਪਸ ਲੈਣਾ ਚਾਹੀਦਾ ਹੈ

ਉਨ੍ਹਾਂ ਕਿਹਾ ਕਿ ਫਾਇਰ ਲਾਇਸੈਂਸ ਫੀਸ ਜੋ ਕਿ ਪਹਿਲਾਂ 10 ਹਜ਼ਾਰ ਰੁਪਏ ਸੀ ਉਸ ਨੂੰ ਵਧਾ ਕੇ 20,000 ਕਰ ਦਿੱਤਾ ਗਿਆ ਹੈ ਅਤੇ ਇਹ ਵਾਧਾ ਹੁਣ ਦੇ ਸਮੇਂ ਵਿੱਚ ਨਾਜਾਇਜ਼ ਹੈ ਕਿਉਂਕਿ ਸਨਅਤ ਇਸ ਵੇਲੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਹੀ ਬਹੁਤ ਯਤਨ ਕਰ ਰਹੀ ਹੈ

---

ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾਵੇ

ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਤੁਰੰਤ ਕਮੀ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਵਿੱਚ ਡੀਜ਼ਲ ਅਤੇ ਪੈਟਰੋਲ ਸਭ ਤੋਂ ਜ਼ਿਆਦਾ ਮਹਿੰਗਾ ਹੈ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਜਿਸ ਤਰ੍ਹਾਂ ਟੈਕਸ ਵਿੱਚ ਕਮੀ ਕਰਕੇ ਕਰੀਬ ਅੱਠ ਰੁਪਏ ਪ੍ਰਤੀ ਲੀਟਰ ਡੀਜ਼ਲ ਘਟਾਇਆ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਡੀਜ਼ਲ ਘੱਟ ਕੀਤਾ ਜਾਣਾ ਚਾਹੀਦਾ ਹੈ।