ਅਮਿਤ ਜੇਤਲੀ, ਲੁਧਿਆਣਾ : ਜੀਆਰਪੀ ਵੱਲੋਂ ਹਰੇਕ ਸਾਲ 21 ਅਕਤੂਬਰ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 'ਚ ਬੱਦੋਵਾਲ ਦੇ ਸ਼ਹੀਦ ਜੀਆਰਪੀ ਮੁਲਾਜ਼ਮ ਬਲਵੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜੀਆਰਪੀ ਅਧਿਕਾਰੀਆਂ ਨੇ ਸ਼ਹੀਦ ਬਲਵੰਤ ਸਿੰਘ ਦੀ ਬਹਾਦੁਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਪਿੰਡ ਲੱਖੋ ਗੋਦੋਵਾਲ ਦੇ ਵਸਨੀਕ ਸਨ ਤੇ 6 ਫਰਵਰੀ 1989 ਨੂੰ ਪੰਜਾਬ ਪੁਲਿਸ 'ਚ ਭਰਤੀ ਹੋਏ ਸਨ। ਉਨ੍ਹਾਂ 15 ਜੂਨ 1991 ਨੂੰ ਬੱਦੋਵਾਲ ਸਟੇਸ਼ਨ 'ਤੇ 6 ਐੱਲਐੱਫ ਪੈਸੰਜਰ ਰੇਲਗੱਡੀ 'ਤੇ ਹੋਏ ਅੱਤਵਾਦੀ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਤੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਹਾਲਾਂਕਿ ਇਸ ਹਮਲੇ 'ਚ 48 ਮੁਸਾਫ਼ਰਾਂ ਨੇ ਵੀ ਜਾਨ ਗੁਆਈ ਸੀ ਪਰ ਬਲਵੰਤ ਸਿੰਘ ਦੀ ਬਹਾਦੁਰੀ ਤੇ ਸਮਝਦਾਰੀ ਸਦਕਾ ਸੈਂਕੜੇ ਮੁਸਾਫ਼ਰ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣੋਂ ਬਚ ਗਏ ਸਨ।