ਜੇਐੱਨਐੱਨ, ਲੁਧਿਆਣਾ : ਲੁਧਿਆਣਾ ਦੇ ਆਰਕੇ ਬਿਲਡਰ ਦੇ ਪ੍ਰਾਜੈਕਟ ਗ੍ਰੈਂਡ ਮੈਨਰ ਹੋਮਸ ਉਤੋਂ ਵਿਵਾਦਾਂ ਦੇ ਬੱਦਲ ਹੱਟਣ ਦਾ ਨਾਂ ਨਹੀਂ ਲੈ ਰਹੇ। ਨਿਗਮ ਨੂੰ ਵਿੱਤੀ ਨੁਕਸਾਨ ਪਹੁੰਚਾਉਣ 'ਤੇ ਕੈਗ ਦੀ ਰਿਪੋਰਟ ਤੋਂ ਹੋਏ ਖ਼ੁਲਾਸੇ ਤੋਂ ਬਾਅਦ ਹੁਣ ਸਥਾਨਕ ਲੋਕਲ ਬਾਡੀ ਵਿਭਾਗ ਨੇ ਿਫ਼ਰ ਤੋਂ ਪ੍ਰਾਜੈਕਟ ਨੂੰ ਸੀਲ ਕਰ ਦਿੱਤਾ ਹੈ। ਇਸ ਵਾਰ ਪ੍ਰਾਜੈਕਟ ਨੂੰ ਸੀਲ ਕਰਨ ਸਥਾਨਕ ਲੋਕਲ ਬਾਡੀ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਪੂਰੀ ਟੀਮ ਲੈ ਕੇ ਖੁਦ ਪਹੁੰਚੇ। ਪ੍ਰਾਜੈਕਟ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਡਾਇਰੈਕਟਰ ਨੇ ਗ੍ਰੈਂਡ ਮੈਨਰ ਹੋਮਸ ਨੂੰ ਸੀਲ ਕਰ ਦਿੱਤਾ ਤੇ ਬਿਲਡਰਾਂ ਨੂੰ ਸਾਫ ਕਹਿ ਦਿੱਤਾ ਕਿ ਅਗਲੇ ਨਿਰਦੇਸ਼ਾਂ ਤਕ ਇਥੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਾ ਕੀਤਾ ਜਾਵੇ। ਜੇ ਬਿਲਡਰਾਂ ਨੇ ਸੀਲ ਖੋਲ੍ਹੀ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੁਝ ਦਿਨ ਪਹਿਲਾਂ ਕੈਗ ਦੀ ਰਿਪੋਰਟ ਸਾਹਮਣੇ ਆਈ ਸੀ ਜਿਸ 'ਚ ਇਹ ਖ਼ੁਲਾਸਾ ਹੋਇਆ ਸੀ ਕਿ ਸੀਐੱਲਯੂ ਦੀ ਫੀਸ ਜਮ੍ਹਾ ਕਰਵਾਉਣ ਸਮੇਂ ਨਿਗਮ ਨੂੰ ਕਰੀਬ 43 ਲੱਖ ਰੁਪਏ ਦਾ ਚੂਨਾ ਲਾਇਆ ਗਿਆ ਹੈ। ਕੈਗ ਦੀ ਰਿਪੋਰਟ ਤੋਂ ਬਾਅਦ ਫਿਰ ਤੋਂ ਵਿਭਾਗ ਹਰਕਤ 'ਚ ਆਇਆ ਤੇ ਪੰਜਾਬ ਸਰਕਾਰ ਨੇ ਵੀ ਇਸ ਦੀ ਜਾਂਚ ਡਾਇਰੈਕਟਰ ਕਰਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਬਣੀ ਇਕ ਕਮੇਟੀ ਨੂੰ ਸੌਂਪੀ। ਕਮੇਟੀ ਨੇ ਸ਼ਨੀਵਾਰ ਨੂੰ 2 ਘੰਟੇ ਦੀ ਜਾਂਚ ਕੀਤੀ। ਇਸ ਦੌਰਾਨ ਡਾਇਰੈਕਟਰ ਨੇ ਨਿਗਮ ਦੀ ਬਿਲਡਿੰਗ ਬ੍ਰਾਂਚ ਉਥੇ ਤਲਬ ਕੀਤੀ। ਜਾਂਚ ਤੋਂ ਬਾਅਦ ਕਮੇਟੀ ਨੇ ਪ੍ਰਾਜੈਕਟ ਨੂੰ ਸੀਲ ਕਰ ਦਿੱਤਾ।

ਬਾਕਸ)--

ਪੰਜਾਬੀ ਜਾਗਰਣ ਨੇ ਕੀਤਾ ਸੀ ਖ਼ੁਲਾਸਾ

ਜ਼ਿਕਰਯੋਗ ਹੈ ਕਿ ਗ੍ਰੈਂਡ ਮੈਨਰ ਹੋਮਸ ਪ੍ਰਾਜੈਕਟ 'ਚ ਘਪਲੇ ਦਾ ਖ਼ੁਲਾਸਾ ਸਭ ਤੋਂ ਪਹਿਲਾਂ ਪੰਜਾਬੀ ਜਾਗਰਣ ਨੇ ਕੀਤਾ ਸੀ। ਡੀਐੱਸਪੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ 'ਚ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਆਈਏਐੱਸ ਅਫਸਰਾਂ ਦੇ ਨਾਂ ਆਏ ਸਨ ਤੇ ਉਨ੍ਹਾਂ ਦਾ ਖ਼ੁਲਾਸਾ ਪੰਜਾਬੀ ਜਾਗਰਣ ਨੇ ਕੀਤਾ ਸੀ। ਉਸ ਤੋਂ ਬਾਅਦ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉੱਪ ਨੇਤਾ ਸਰਬਜੀਤ ਸਿੰਘ ਮਾਣਕੂ ਨੇ ਇਹ ਮਾਮਲਾ ਉਠਾਇਆ ਸੀ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚਲ ਮਚ ਗਈ। ਉਸ ਤੋਂ ਬਾਅਦ ਸ਼ਿਕਾਇਤਕਰਤਾਵਾਂ ਨੇ ਇਸ ਮਾਮਲੇ 'ਚ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਵੀ ਪਟੀਸ਼ਨ ਦਾਇਰ ਕੀਤੀ ਤੇ ਇਹ ਮਾਮਲਾ ਹੁਣ ਹਾਈਕੋਰਟ 'ਚ ਵਿਚਾਰ ਅਧੀਨ ਹੈ।

ਬਾਕਸ

ਕੋਟਸ

ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਇਸ ਪ੍ਰਾਜੈਕਟ ਦੇ ਸਬੰਧ 'ਚ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਪ੍ਰਾਜੈਕਟ ਸੀਲ ਕੀਤਾ ਹੈ। ਪ੍ਰਾਜੈਕਟ 'ਚ ਕਿਹੜੀਆਂ ਉਣਤਾਈਆਂ ਹਨ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਰਿਪੋਰਟ ਬਣਾ ਕੇ ਸਰਕਾਰ ਨੂੰ ਦਿੱਤੀ ਜਾਵੇਗੀ।

—ਕਰਨੇਸ਼ ਸ਼ਰਮਾ, ਡਾਇਰੈਕਟਰ ਸਥਾਨਕ ਲੋਕਲ ਬਾਡੀ ਵਿਭਾਗ ਪੰਜਾਬ।

ਫੋਟੋ 46 ਤੋਂ 48