ਜੇਐਨਐਨ, ਲੁਧਿਆਣਾ : ਸ਼ਹਿਰ ਦੀਆਂ ਸੜਕਾਂ ’ਤੇ ਹੁਣ 10 ਸਾਲ ਦਾ ਬੱਚਾ ਵੰਸ਼ ਆਪਣੇ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂੁਜੇ ਬੱਚਿਆਂ ਵਾਂਗ ਉਹ ਵੀ ਸਕੂਲ ਜਾਵੇਗਾ ਅਤੇ ਪੜ੍ਹਾਈ ਕਰੇਗਾ। ਉਸ ਦੀ ਪੜ੍ਹਾਈ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੀਤਾ। ਇਹੀ ਨਹੀਂ ਵੰਸ਼ ਦੇ ਗਰੀਬ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਵੀ ਕੀਤਾ ਹੈ।

ਕੁਝ ਦਿਨ ਪਹਿਲਾਂ ਬੱਚੇ ਵੰਸ਼ ਦੀ ਇਕ ਵੀਡੀਓ ਇੰਟਰਨੈਟ ’ਤੇ ਵਾਇਰਲ ਹੋਈ, ਜਿਸ ਵਿਚ ਉਹ ਪਰਿਵਾਰ ਦੀ ਮਦਦ ਲਈ ਸੜਕ ਕਿਨਾਰੇ ਜੁਰਾਬਾਂ ਵੇਚ ਰਿਹਾ ਸੀ। ਵੀਡੀਓ ਵਿਚ ਇਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ 50 ਰੁਪਏ ਤੋਂ ਵੱਧ ਦੇਣ ਦੀ ਪੇਸ਼ਕਸ਼ ਤੋਂ ਇਨਕਾਰ ਕੀਤਾ। ਇਹ ਵੀਡੀਓ ਦੇਖਣ ਤੋਂ ਬਾਅਦ ਮੁੱਖ ਮੰਤਰੀ ਨੇ ਵੰਸ਼ ਅਤੇ ਪਰਿਵਾਰ ਨਾਲ ਵੀਡੀਓ ਕਾਲ ’ਤੇ ਗੱਲ ਕੀਤੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦਾ ਸਵੈਮਾਣ ਪ੍ਰਭਾਵਿਤ ਕਰ ਗਿਆ। ਇਸ ਬੱਚੇ ਦੀ ਵੀਡੀਓ ਨੂੰ ਇੰਟਰਨੈਟ ’ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਦੇਖਿਆ ਹੈ ਅਤੇ ਲੋਕ ਇਸ ਦੀ ਇਮਾਨਦਾਰੀ ਅਤੇ ਸਵੈਮਾਣ ਦੀ ਸ਼ਲਾਘਾ ਕਰ ਰਹੇ ਹਨ।

ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼, ਜੋ ਸਕੂਲ ਛੱਡ ਚੁੱਕਾ ਹੈ, ਨੂੰ ਮੁੜ ਸਕੂਲ ਭੇਜਿਆ ਜਾਵੇ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ।

ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ ਜਦਕਿ ਉਸ ਦੀ ਮਾਤਾ ਰਾਣੀ ਘਰੇਲੂ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ ਅਤੇ ਪਰਿਵਾਰ ਹੈਬੋਵਾਲ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਇਲਾਕੇ ਵਿਚ ਸਰਕਾਰੀ ਮਦਦ ਦੀ ਕਾਫੀ ਚਰਚਾ ਹੋ ਰਹੀ ਹੈ।

Posted By: Tejinder Thind