ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਪੰਜਾਬ ਪ੍ਰਦੇਸ਼ ਵਪਾਰ ਬੋਰਡ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਅਤੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਉਨ੍ਹਾਂ ਦੀ ਰਿਹਾਇਸ਼ ਵਿਖੇ ਪ੍ਰਰੈਸ ਕਾਨਫਰੰਸ ਕੀਤੀ ਗਈ। ਇਸ 'ਚ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਮਾਰਕੀਟ ਸ਼ਾਪਕੀਪਰਜ਼ ਐਸੋਸੀਏਸ਼ਨ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਅਤੇ 100 ਬਾਜ਼ਾਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਗੋਸ਼ਾ, ਸੁਨੀਲ ਮਹਿਰਾ, ਪਵਨ ਲਹਿਰ ਅਤੇ ਰਾਜੀਵ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਇਕ ਹੈ ਪਰ ਹੁਕਮ 22 ਜ਼ਿਲਿ੍ਹਆਂ 'ਚ ਵੱਖ-ਵੱਖ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਜ਼ਿਲਿ੍ਹਆਂ 'ਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰ ਤੋਂ ਲੈ ਕੇ ਸ਼ਾਮ 3 ਵਜੇ ਜਾਂ 5 ਵਜੇ ਤਕ ਦਾ ਹੈ, ਪਰ ਲੁਧਿਆਣਾ ਵਿਚ ਇਹ ਸਮਾਂ 12 ਵਜੇ ਦਾ ਰੱਖ ਕੇ ਸਰਕਾਰ ਨੇ ਵਪਾਰੀਆਂ ਨੂੰ ਪਰੇਸ਼ਾਨ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਇੰਨੇ ਥੋੜ੍ਹੇ ਸਮੇਂ ਵਿਚ ਖਰੀਦਦਾਰੀ ਕਰਨ ਲਈ ਬਾਜ਼ਾਰ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਵਲ ਆਰਥਿਕ ਤੌਰ 'ਤੇ ਹੀ ਨਹੀਂ ਸੂਬਾ ਸਰਕਾਰ ਸਿਹਤ ਸਹੂਲਤਾਂ ਦੇਣ 'ਚ ਵੀ ਪੱਛੜ ਗਈ ਹੈ। ਸਰਕਾਰ ਕੋਲ ਨਾ ਤਾ ਆਕਸੀਜਨ ਹੈ, ਨਾ ਬੈੱਡ, ਨਾ ਡਾਕਟਰ ਪਰ ਬਿਆਨ ਬਹੁਤ ਵੱਡੇ-ਵੱਡੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਮੰਗ ਟੀਕਾਕਰਨ ਹੈ ਪਰ ਸਰਕਾਰ ਕੋਲ ਲੋੜੀਂਦੀ ਮਾਤਰਾਂ ਵਿਚ ਟੀਕੇ ਹੀ ਨਹੀਂ ਹਨ। ਉਨਾਂ੍ਹ ਕਿਹਾ ਕਿ ਵਪਾਰੀ ਟੀਕਾਕਰਨ ਕੈਂਪਾਂ ਵਿਚ ਸਹਿਯੋਗ ਦੇਣਾ ਚਾਹੁੰਦੇ ਹਨ ਪਰ ਸਰਕਾਰ ਕੋਲ ਕੋਈ ਇੰਤਜਾਮ ਨਹੀਂ ਹੈ। ਲਾਕਡਾਊਨ ਦੇ ਚੱਲਦਿਆਂ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਲਈ ਸਰਕਾਰ ਲੋਕਾਂ ਦੇ ਬਿਜਲੀ ਬਿੱਲ, ਟੈਕਸ, ਨਿਗਮ ਨੇ ਪਾਣੀ ਦੇ ਬਿੱਲਾਂ ਅਤੇ ਮਕਾਨ ਟੈਕਸ ਨੂੰ ਮਾਫ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਬੋਰਡ ਦੀਆ ਮੰਗਾਂ ਹਨ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਂ ਦਿਤਾ ਜਾਵੇ ਨਹੀਂ ਤਾਂ ਵਪਾਰੀ ਅੰਦੋਲਨ ਕਰਨਗੇ। ਇਸੇ ਤਹਿਤ ਸੋਮਵਾਰ ਨੂੰ ਸਰਕਾਰ ਦੇ ਸਿਹਤ ਸਿਸਟਮ ਵਿਰੁੱਧ ਲੁਧਿਆਣਾ ਦੇ ਅੰਦਰ ਕਾਲਾ ਦਿਵਸ ਮਨਾਇਆ ਜਾਵੇਗਾ।