ਭੁਪਿੰਦਰ ਸਿੰਘ ਬਸਰਾ, ਲੁਧਿਆਣਾ

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਤੇ ਗੁਰਦੁਆਰਾ ਬਾਲਲੀਲ੍ਹਾ ਸਾਹਿਬ ਨੂੰ 50 ਕਰੋੜ ਰੁਪਏ ਦੀ ਫਿਰੌਤੀ ਨਾ ਮਿਲਣ 'ਤੇ ਉਡਾ ਦੇਣ ਦੀ ਧਮਕੀ ਦੇਣ ਦੇ ਮਾਮਲੇ ਵਿਚ ਹਲਚਲ ਦਾ ਮਾਹੌਲ ਹੈ। ਮੰਗਲਵਾਰ ਨੂੰ ਇੱਥੇ ਪੁੱਜੇ ਤਖ਼ਤ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗ਼ੌਹਰ ਨੇ ਕਿਹਾ ਹੈ ਕਿ ਧਮਕੀ ਮਿਲਣ ਪਿੱਛੋਂ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਹਿ ਮੰਤਰੀ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹੈ। ਜਥੇਦਾਰ ਗ਼ੌਹਰ ਨੇ ਕਿਹਾ ਕਿ ਪੱਤਰ ਲਿਖਣ ਵਾਲੇ ਨੇ ਆਪਣਾ ਨਾਂ, ਫੋਨ ਨੰਬਰ ਦੇ ਕੇ ਫਿਰੌਤੀ ਮੰਗੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਨਾ ਤਾਂ ਕਿਸੇ ਤੋਂ ਡਰਦਾ ਹੈ ਤੇ ਨਾ ਡਰਾਉਂਦਾ ਹੈ ਪਰ ਅਜਿਹੀ ਧਮਕੀ ਸਹਿਣ ਨਹੀਂ ਕੀਤੀ ਜਾਵੇਗੀ।

ਜਥੇਦਾਰ ਗ਼ੌਹਰ ਨੇ ਕਿਹਾ ਕਿ ਚਿੱਠੀ ਵਿਚ ਜੋ ਮੋਬਾਈਲ ਨੰਬਰ ਦਿੱਤੇ ਗਏ ਹਨ, ਉਹ ਡੀਐੱਮ ਦਫਤਰ ਵਿਚ ਕੰਮ ਕਰਨ ਵਾਲੇ ਵਿਅਕਤੀ ਦੇ ਹਨ, ਉਸ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਇਹ ਨੰਬਰ ਤਾ ਉਸੇ ਦਾ ਹੈ ਪਰ ਧਮਕੀ ਸਬੰਧੀ ਉਹ ਖ਼ੁਦ ਅਣਜਾਣ ਹੈ। ਪ੍ਰਬੰਧਕ ਕਮੇਟੀ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।