ਜੇਐੱਨਐੱਨ, ਲੁਧਿਆਣਾ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਗ੍ਰੇਟਰ ਲੁਧਿਆਣਾ ਇਲਾਕਾ ਡਿਵੈਲਪਮੈਂਟ ਅਥਾਰਟੀ ਨੇ ਜਮਾਲਪੁਰ ਵਿਖੇ ਜ਼ਮੀਨ 'ਤੇ ਕਬਜ਼ਾ ਕਰ ਕੇ ਬਣਾਈਆਂ ਦੁਕਾਨਾਂ ਤੋੜੀਆਂ। ਗਲਾਡਾ ਅਫ਼ਸਰਾਂ ਦੀ ਅਗਵਾਈ 'ਚ ਨੌਂ ਦੁਕਾਨਾਂ 'ਤੇ ਬੁਲਡੋਜ਼ਰ ਚਲਾਇਆ ਗਿਆ। ਮੰਗਲਵਾਰ ਨੂੰ ਗਲਾਡਾ ਦੀ ਕਾਰਵਾਈ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਸੀ। ਇਸੇ ਦੌਰਾਨ ਗਲਾਡਾ ਦੀ ਡਿੱਚ ਨਾਲ ਦੁਕਾਨਾਂ ਦੇ ਨਾਲ ਬਣੇ ਮੰਦਰ ਦੀ ਇਕ ਕੰਧ ਟੁੱਟ ਗਈ ਤੇ ਮਲਵਾ ਮੰਦਰ 'ਚ ਰੱਖੀਆਂ ਮੂਰਤੀਆਂ 'ਤੇ ਡਿੱਗ ਗਿਆ, ਜਿਸ ਕਾਰਨ ਮੰਦਰ 'ਚ ਰੱਖੀ ਇਕ ਮੂਰਤੀ ਖੰਡਿਤ ਹੋ ਗਈ। ਮੂਰਤੀ ਖੰਡਿਤ ਹੋਣ ਬਾਰੇ ਜਿਵੇਂ ਹੀ ਉੱਥੇ ਮੌਜੂਦ ਲੋਕਾਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਇਸੇ ਦੌਰਾਨ ਸ਼ਿਵ ਸੈਨਾ ਸਮੇਤ ਹਿੰਦੂ ਜਥੇਬੰਦੀਆਂ ਦੇ ਲੋਕ ਉੱਥੇ ਇਕੱਠੇ ਹੋ ਗਏ। ਉਨ੍ਹਾਂ ਨੇ ਕਾਰਵਾਈ ਦੇ ਵਿਰੋਧ 'ਚ ਪਹਿਲਾਂ ਮੰਦਰ 'ਚ ਬੈਠ ਕੇ ਕੀਰਤਨ ਕੀਤਾ ਤੇ ਬਾਅਦ ਵਿਚ ਜਦੋਂ ਉਨ੍ਹਾਂ ਦੀ ਅਫ਼ਸਰਾਂ ਨਾਲ ਬਹਿਸ ਹੋਣ ਲੱਗੀ, ਤਾਂ ਉਨ੍ਹਾਂ ਨੇ ਚੰਡੀਗੜ੍ਹ ਰੋਡ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ। ਇਸ ਦੌਰਾਨ ਖ਼ੂਬ ਹੰਗਾਮਾ ਹੋਇਆ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਪੁੱਜਣਾ ਪਿਆ। ਹਿੰਦੂ ਜਥੇਬੰਦੀਆਂ ਦੇ ਨੇਤਾ ਗਲਾਡਾ ਅਫਸਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ 'ਤੇ ਅੜੇ ਰਹੇ। ਉੱਥੇ ਗਲਾਡਾ ਅਫ਼ਸਰਾਂ ਨੂੰ ਕਾਰਵਾਈ ਰੋਕਣੀ ਪਈ ਤੇ ਦੋਵੇਂ ਧਿਰਾਂ ਏਡੀਸੀਪੀ-4 ਦੇ ਦਫ਼ਤਰ 'ਚ ਪੁੱਜੀਆਂ। ਗਲਾਡਾ ਨੇ ਕੁਝ ਦਿਨ ਪਹਿਲਾਂ ਵੀ 32 ਦੁਕਾਨਾਂ 'ਤੇ ਕਾਰਵਾਈ ਕੀਤੀ ਸੀ। ਉਦੋਂ ਵਿਰੋਧ ਦੇ ਕਾਰਨ ਗਲਾਡਾ ਨੇ ਦਸ ਦੁਕਾਨਾਂ 'ਤੇ ਕਾਰਵਾਈ ਨਹੀਂ ਕੀਤੀ ਸੀ। ਗਲਾਡਾ ਅਫ਼ਸਰ ਮੰਗਲਵਾਰ ਸਵੇਰੇ ਹੀ ਵੱਡੀ ਗਿਣਤੀ 'ਚ ਪੁਲਿਸ ਪਾਰਟੀ ਸਮੇਤ ਜਮਾਲਪੁਰ ਪੁੱਜੇ ਤੇ ਉਨ੍ਹਾਂ ਨੇ ਸਮਰਾਲਾ ਚੌਕ ਵੱਲ ਆਉਣ ਵਾਲੀ ਸੜਕ ਬੰਦ ਕਰ ਦਿੱਤੀ। ਜਦਕਿ ਦੂਜੇ ਪਾਸੇ ਟ੍ਰੈਫਿਕ ਜਾਰੀ ਰਹੀ। ਕਰੀਬ ਦਸ ਵਜੇ ਗਲਾਡਾ ਨੇ ਕਾਰਵਾਈ ਸ਼ੁਰੂ ਕੀਤੀ। ਗਲਾਡਾ ਦੀ ਕਾਰਵਾਈ ਤੋਂ ਪਹਿਲਾਂ ਦੁਕਾਨਦਾਰ ਆਪਣਾ ਸਾਮਾਨ ਖ਼ਾਲੀ ਕਰਦੇ ਰਹੇ। ਗਲਾਡਾ ਨੇ ਜਦੋਂ ਨੌਂ ਦੁਕਾਨਾਂ 'ਤੇ ਕਾਰਵਾਈ ਕੀਤੀ, ਉਦੋਂ ਤਕ ਸਭ ਕੁਝ ਸ਼ਾਂਤੀ ਨਾਲ ਚੱਲ ਰਿਹਾ ਸੀ। 9ਵੀਂ ਦੁਕਾਨ 'ਤੇ ਕਾਰਵਾਈ ਕਰਦੇ ਸਮੇਂ ਦੁਕਾਨ ਦੇ ਨਾਲ ਲੱਗੇ ਮੰਦਰ ਦੀ ਕੰਧ ਟੁੱਟ ਗਈ, ਜਿਸ ਕਾਰਨ ਮੰਦਰ 'ਚ ਰੱਖੀ ਇਕ ਮੂਰਤੀ ਖੰਡਿਤ ਹੋਈ। ਉਸ ਤੋਂ ਬਾਅਦ ਮੌਕੇ 'ਤੇ ਜੰਮ ਕੇ ਹੰਗਾਮਾ ਹੋਇਆ ਤੇ ਹਿੰਦੂ ਜਥੇਬੰਦੀਆਂ ਦੇ ਚੱਕਾ ਜਾਮ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਹਿੰਦੂ ਜਥੇਬੰਦੀਆਂ ਦੇ ਨੇਤਾ ਗਲਾਡਾ ਅਫ਼ਸਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਅੜੇ ਰਹੇ। ਬਾਅਦ 'ਚ ਏਡੀਸੀਪੀ-4 ਅਰਜਿੰਦਰ ਸਿੰਘ ਮੌਕੇ 'ਤੇ ਪੁੱਜੇ ਤੇ ਉਹ ਹਿੰਦੂ ਆਗੂਆਂ ਤੇ ਗਲਾਡਾ ਅਫਸਰਾਂ ਨੂੰ ਲੈ ਕੇ ਆਪਣੇ ਦਫ਼ਤਰ ਪੁੱਜੇ। ਜਿੱਥੇ ਗਲਾਡਾ ਅਫ਼ਸਰਾਂ ਨੇ ਕਿਹਾ ਕਿ ਉਹ ਮੰਦਰ ਨੂੰ ਨਹੀਂ ਢਾਹ ਰਹੇ ਸਨ, ਪਰ ਡਿੱਚ ਦੀ ਟੱਕਰ ਕਾਰਨ ਕੰਧ ਟੁੱਟ ਗਈ। ਉਨ੍ਹਾਂ ਨੇ ਹਿੰਦੂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਗਲਾਡਾ ਮੰਦਰ ਦੀ ਕੰਧ ਬਣਵਾ ਦੇਣਗੇ ਤੇ ਨੇੜਲੀ ਦੁਕਾਨ ਨੂੰ ਮਜ਼ਦੂਰਾਂ ਤੋਂ ਤੁੜਵਾਵਾਂਗੇ। ਉਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਸ਼ਾਂਤ ਹੋਈਆਂ।

-ਬਾਕਸ-

-ਖ਼ਾਲੀ ਕਰਵਾਈ ਜ਼ਮੀਨ 'ਤੇ ਠੇਕਾ ਬਣਨ ਨਾਲ ਦੁਕਾਨਦਾਰਾਂ 'ਚ ਰੋਸ

ਗਲਾਡਾ ਨੇ ਕੁਝ ਦਿਨ ਪਹਿਲਾਂ ਜਦੋਂ ਦੁਕਾਨਾਂ ਨੂੰ ਢਾਹ ਕੇ ਜ਼ਮੀਨ ਖ਼ਾਲੀ ਕਰਵਾਈ ਸੀ, ਉਸ ਦੌਰਾਨ ਉੱਥੇ ਮੌਜੂਦ ਸ਼ਰਾਬ ਦੇ ਠੇਕੇ ਨੂੰ ਵੀ ਢਾਹ ਦਿੱਤਾ ਸੀ। ਦੁਕਾਨਦਾਰ ਆਪਣਾ ਸਾਮਾਨ ਲੈ ਕੇ ਚਲੇ ਗਏ, ਜਦਕਿ ਸ਼ਰਾਬ ਠੇਕੇਦਾਰ ਨੇ ਫਿਰ ਤੋਂ ਢਾਂਚਾ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੁਕਾਨਦਾਰਾਂ 'ਚ ਭਾਰੀ ਰੋਸ ਹੈ, ਜਿਨ੍ਹਾਂ ਦੀਆਂ ਦੁਕਾਨਾਂ ਟੁੱਟ ਗਈਆਂ। ਦੁਕਾਨਦਾਰ ਇਸ ਗੱਲ ਨੂੰ ਲੈ ਕੇ ਗਲਾਡਾ ਅਫ਼ਸਰਾਂ ਦੇ ਨਾਲ ਝਗੜ ਪਏ ਸਨ। ਗਲਾਡਾ ਅਫਸਰਾਂ ਦਾ ਤਰਕ ਹੈ ਕਿ ਸ਼ਰਾਬ ਠੇਕੇਦਾਰ ਨੂੰ ਇਹ ਥਾਂ ਇਕ ਸਾਲ ਲਈ ਲੀਜ਼ 'ਤੇ ਦਿੱਤੀ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਦੁਕਾਨਾਂ ਤੋੜਨ ਦੀ ਬਜਾਏ ਉਨ੍ਹਾਂ ਨੂੰ ਵੀ ਲੀਜ਼ 'ਤੇ ਦਿੱਤੀ ਜਾਂਦੀ। ਇਸ ਗੱਲ ਨੂੰ ਲੈ ਕੇ ਵੀ ਜੰਮ ਕੇ ਹੰਗਾਮਾ ਹੁੰਦਾ ਰਿਹਾ।

-ਬਾਕਸ-

ਇਕ ਦੁਕਾਨਦਾਰ ਨੇ ਬੋਲਿਆ ਕਿ ਉਨ੍ਹਾਂ ਦੀ ਦੁਕਾਨ ਦੇ ਵਕਫ਼ ਬੋਰਡ ਦੀ ਥਾਂ 'ਤੇ ਸੀ

ਦੁਕਾਨਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਵਕਫ ਬੋਰਡ ਦੀ ਥਾਂ 'ਤੇ ਹੈ। ਇਸ ਸਬੰਧੀ ਉਸ ਕੋਲ ਦਸਤਾਵੇਜ਼ ਵੀ ਸਨ, ਪਰ ਗਲਾਡਾ ਅਫ਼ਸਰਾਂ ਨੇ ਉਸ ਦੀ ਇਕ ਨਹੀਂ ਸੁਣੀ ਤੇ ਦੁਕਾਨ ਤੋੜ ਦਿੱਤੀ। ਉਨ੍ਹਾਂ ਦੱਸਿਆ ਕਿ ਵਕਫ ਬੋਰਡ ਦੇ ਨਾਲ ਹੋਈ ਲੀਜ਼ ਦੇ ਪੇਪਰ ਉਨ੍ਹਾਂ ਕੋਲ ਮੌਜੂਦ ਹਨ।

-ਬਾਕਸ-

-ਮਲਬੇ 'ਚੋਂ ਸਾਮਾਨ ਚੁੱਕ ਰਹੇ ਵਿਅਕਤੀ ਦੀ ਕੁੱਟਮਾਰ

ਗਲਾਡਾ ਨੇ ਜਦੋਂ ਦੁਕਾਨਾਂ ਤੋੜੀਆਂ, ਤਾਂ ਮਲਬਾ ਉੱਥੇ ਖਿੱਲਰ ਗਿਆ। ਜਦੋਂ ਸ਼ਿਵ ਸੈਨਿਕਾਂ ਤੇ ਹਿੰਦੂ ਜਥੇਬੰਦੀਆਂ ਦੇ ਵਿਰੋਧ ਲਈ ਧਰਨਾ ਦਿੱਤਾ, ਤਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਮਲਬੇ 'ਚੋਂ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਦੁਕਾਨਦਾਰਾਂ ਨੇ ਫੜ ਲਿਆ ਤੇ ਉਨ੍ਹਾਂ ਨੇ ਸਾਮਾਨ ਚੋਰੀ ਕਰ ਰਹੇ ਵਿਅਕਤੀ ਦੀ ਕੁੱਟਮਾਰ ਕੀਤੀ।

-ਬਾਕਸ-

-ਟ੍ਰੈਫਿਕ ਕਰਨਾ ਪਿਆ ਡਾਈਵਰਟ

ਜਮਾਲਪੁਰ 'ਚ ਕਾਰਵਾਈ ਕਾਰਨ ਪੁਲਿਸ ਨੇ ਪਹਿਲਾਂ ਹੀ ਟ੍ਰੈਫਿਕ ਡਾਈਵਰਟ ਕਰ ਦਿੱਤਾ ਸੀ। ਪੁਲਿਸ ਨੇ ਜਮਾਲਪੁਰ ਤੋਂ ਸਮਰਾਲਾ ਚੌਕ ਵੱਲ ਆਉਣ ਵਾਲੇ ਟ੍ਰੈਫਿਕ ਨੂੰ ਮੈਟਰੋ ਰੋਡ ਵੱਲ ਡਾਈਵਰਟ ਕਰ ਦਿੱਤਾ ਸੀ। ਬਾਅਦ ਵਿਚ ਜਦੋਂ ਟ੍ਰੈਫਿਕ ਜਾਮ ਕੀਤੀ ਗਈ, ਤਾਂ ਚੰਡੀਗੜ੍ਹ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਵੀ ਉਸੇ ਰਸਤੇ ਤੋਂ ਕੱਿਢਆ ਗਿਆ।

-ਬਾਕਸ-

-ਵਕਫ ਬੋਰਡ ਤੇ ਗਲਾਡਾ ਵਿਚਾਲੇ ਮਾਲਕੀਅਤ ਦਾ ਪੇਚ ਫਸਿਆ

ਗਲਾਡਾ ਵੱਲੋਂ ਹੁਣ ਤਕ 41 ਦੁਕਾਨਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਪੰਜ ਦੁਕਾਨਾਂ ਕੋਲ ਸਟੇਅ ਆਰਡਰ ਹੈ। ਇਸ ਲਈ ਗਲਾਡਾ ਨੇ ਇਨ੍ਹਾਂ ਪੰਜ ਦੁਕਾਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਬਾਕੀ ਦੀਆਂ ਦੁਕਾਨਾਂ ਦੀ ਮਾਲਕੀਅਤ ਨੂੰ ਲੈ ਕੇ ਹਾਲੇ ਤਕ ਵੀ ਵਕਫ ਬੋਰਡ ਤੇ ਗਲਾਡਾ ਵਿਚਾਲੇ ਪੇਚ ਫਸਿਆ ਹੈ। ਗਲਾਡਾ ਦੇ ਏਸੀਏ ਭੂਪਿੰਦਰ ਸਿੰਘ ਨੇ ਕਿਹਾ ਕਿ ਵਕਫ ਬੋਰਡ ਦੇ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।