ਗੋਬਿੰਦ ਸ਼ਰਮਾ/ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ: ਪਿੰਡ ਗੜ੍ਹੀ ਤਰਖਾਣਾ ਵਿਖੇ ਗਰੀਬ ਪਰਿਵਾਰ ਵੱਲੋਂ ਬਣਾਈ ਝੁੱਗੀ 'ਤੇ ਟਿੱਪਰ ਪਲਟਣ ਕਾਰਨ ਉਸ ਵਿਚ ਸੁੱਤੀ ਪਈ ਕੁੜੀ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਹੋਣ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਗਿਆ ਤੇ ਨਾਲ ਲੱਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰੱਖਤ ਨਾਲ ਟਕਰਾ ਕੇ ਤਵਾਜ਼ਨ ਗੁਆ ਬੈਠਾ ਤੇ ਉਹ ਸੜਕ ਕਿਨਾਰੇ ਬਣੀ ਗ਼ਰੀਬ ਪਰਿਵਾਰ ਦੀ ਝੁੱਗੀ 'ਤੇ ਜਾ ਪਲਟਿਆ। ਟਿੱਪਰ ਵਿਚ ਲੱਦੀ ਬਜਰੀ ਝੁੱਗੀ ਵਿਚ ਸੁੱਤੇ ਗਰੀਬ ਪਰਿਵਾਰ 'ਤੇ ਜਾ ਡਿੱਗੀ ਜਿਸ ਕਾਰਨ ਉਸ ਵਿਚ ਸੁੱਤੀ ਪਈ ਕੁੜੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਉਸ ਹੇਠਾਂ ਦਬ ਗਏ। ਟਿੱਪਰ ਪਲਟਣ ਕਾਰਨ ਉੱਥੇ ਹਾਹਾਕਾਰ ਮਚ ਗਈ ਤੇ ਨਾਲ ਝੁੱਗੀ ਵਿਚ ਰਹਿੰਦੇ ਹੋਰ ਪਰਵਾਸੀ ਮਜ਼ਦੂਰਾਂ ਵੱਲੋਂ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ ਗਿਆ ਜਦਕਿ ਬੱਚੀ ਸੁਲੇਖਾ ਦੀ ਦਮ ਘੁੱਟਣ ਕਾਰਨ ਮੌਤ ਹੋ ਚੁੱਕੀ ਸੀ।

ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਦਕਿ ਪੁਲਸ ਵੱਲੋਂ ਮਿ੍ਤਕ ਸੁਲੇਖਾ ਦੀ ਲਾਸ਼ ਕਬਜ਼ੇ 'ਚ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।