ਸਤਵਿੰਦਰ ਸ਼ਰਮਾ, ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਵਾਪਰੇ ਗੈਸ ਕਾਂਡ ਦੇ ਮਾਮਲੇ ਨੂੰ ਅੱਜ 26 ਦਿਨ ਬੀਤ ਚੁੱਕੇ ਹਨ। ਚਾਰ ਹਫ਼ਤਿਆਂ ਬਾਅਦ ਵੀ ਮਾਮਲੇ ਦੀ ਜਾਂਚ ਅਜੇ ਤੱਕ ਲਟਕ ਰਹੀ ਹੈ। ਸ਼ੁਰੂਆਤੀ ਦਿਨਾਂ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ ਲੁਧਿਆਣਾ ਪੁਲਿਸ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਹਰੇਕ ਐਂਗਲ ਤੋਂ ਕੇਸ ਦੀ ਜਾਂਚ ਕਰਨੀ ਸ਼ੁਰੂ ਕੀਤੀ, ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ , ਪੜਤਾਲ ਦੀ ਰਫ਼ਤਾਰ ਮੱਠੀ ਪੈਣ ਲੱਗ ਪਈ। ਕਈ ਦਿਨਾਂ ਬਾਅਦ ਵੀ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਆਖਰਕਰ ਹਾਦਸਾ ਕਿਵੇਂ ਵਾਪਰਿਆ ਹੈ ਅਤੇ ਜਿਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਆਖਰ ਉਹ ਕੌਣ ਸਨ। ਸਰਕਾਰ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਵਿੱਚੋਂ 10 ਲੱਖ ਰੁਪਏ ਦਾ ਚੈੱਕ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ। ਇਸ ਮਾਮਲੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਪੜਤਾਲ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਾ ਮੁਆਵਜ਼ਾ 20-20 ਲੱਖ ਰੁਪਏ ਹੋਣ ਦੀ ਗੱਲ ਕਹੀ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਵੀ ਉਹਨਾਂ ਦਿਨਾਂ ਵਿੱਚ ਫੈਕਟਰੀਆਂ ਤੇ ਸਖਤੀ ਕਰਦੇ ਹੋਏ ਜਾਂਚ ਕੀਤੀ ਸੀ, ਪਰ ਉਹਨਾਂ ਦੇ ਹੱਥ ਵੀ ਕੁਝ ਨਾ ਲੱਗਿਆ। ਜਿਵੇਂ ਜਿਵੇਂ ਦਿਨ ਬੀਤ ਰਹੇ ਹਨ ਹੈ, ਇੰਜ ਜਾਪਦਾ ਹੈ ਕਿ ਇਹ ਮਾਮਲਾ ਠੰਢੇ ਬਸਤੇ ਵਿਚ ਪੈ ਜਾਵੇਗਾ।

ਇਹ ਸੀ ਸਾਰਾ ਮਾਮਲਾ

ਕਾਬਲੇਗੌਰ ਹੈ ਕਿ 26 ਦਿਨ ਪਹਿਲਾਂ ਗਿਆਸਪੁਰਾ ਇਲਾਕੇ ਵਿੱਚ ਸਵੇਰ ਸਾਰ ਜ਼ਹਿਰੀਲੀ ਗੈਸ ਲੀਕ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ 11 ਮੌਤਾਂ ਹੋ ਗਈਆਂ ਸਨ। ਇਸ ਮੰਦਭਾਗੀ ਘਟਨਾ ਦੇ ਚਲਦੇ ਪੂਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ਸੀ।

Posted By: Sandip Kaur