ਹਰਜੋਤ ਸਿੰਘ ਅਰੋੜਾ, ਲੁਧਿਆਣਾ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਗੁਰਦੁਆਰਾ ਸਾਹਿਬ ਬਰਲਿੰਗਟਿਨ ਖਾਲਸਾ ਦਰਬਾਰ ਸਾਹਿਬ ਨਿਊਜਰਸੀ ਅਮਰੀਕਾ ਦੇ ਮੁੱਖ ਸੇਵਾਦਾਰ ਗਿਆਨੀ ਗੁਰਜੀਤ ਸਿੰਘ ਤੇ ਸਿੱਖ ਇਤਿਹਾਸਕਾਰ ਹਰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪੰਚ ਰਕਬਾ ਬਲਵਿੰਦਰ ਸਿੰਘ ਗਾਂਧੀ, ਸਰਪੰਚ ਮੁੱਲਾਂਪੁਰ ਬਲਵੀਰ ਸਿੰਘ ਗਿੱਲ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਤੇ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਤੇ ਯੂਥ ਆਗੂ ਅਰਜੁਨ ਬਾਵਾ ਨੇ ਗਿਆਨੀ ਗੁਰਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ ਤੇ ਮੈਡਲ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਗਿਆਨੀ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕਰ ਕੇ ਅਲੌਕਿਕ ਸ਼ਾਂਤੀ ਤੇ ਸਕੂਨ ਪ੍ਰਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਦੇ ਨੌਜਵਾਨ ਬੱਚੇ ਇਸ ਅਜਾਇਬ ਘਰ ਦੇ ਦਰਸ਼ਨ ਕਰਨ ਤਾਂ ਕਿ ਉਨ੍ਹਾਂ ਦੇ ਗਿਆਨ 'ਚ ਵਾਧਾ ਹੋਵੇ। ਇਸ ਮੌਕੇ ਉਨ੍ਹਾਂ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਵਾ ਨੇ ਗਿਆਨੀ ਗੁਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਗਿਆਨੀ ਜੀ ਨੇ ਜੋ ਅਮਰੀਕਾ 'ਚ ਰਕਬਾ ਭਵਨ ਆਉਣ ਦਾ ਵਾਅਦਾ ਕੀਤਾ ਸੀ, ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਜੀ ਮਹਾਨ ਕਥਾਵਾਚਕ ਹਨ। ਅੱਜ ਅਮਰੀਕਾ ਦੀ ਧਰਤੀ 'ਤੇ ਲੱਖਾਂ ਲੋਕਾਂ ਨੂੰ ਸਿੱਖ ਧਰਮ ਦੀਆਂ ਮਹਾਨ ਸਿੱਖਿਆਵਾਂ ਰਾਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਹਨ। ਇਸ ਸਮੇਂ ਕਰਨੈਲ ਸਿੰਘ ਗਿੱਲ ਨੇ ਗੁਰਮੀਤ ਸਿੰਘ ਗਿੱਲ ਪ੍ਰਧਾਨ ਅਮਰੀਕਾ ਕਾਂਗਰਸ ਵੱਲੋਂ ਗਿਆਨੀ ਜੀ ਨੂੰ ਮਿਲਾਉਣ ਲਈ ਹਾਰਦਿਕ ਧੰਨਵਾਦ ਕੀਤਾ।