ਗੌਰਵ ਰਾਏ ਤੇ ਰੁਪਾਲੀ ਤਰੇਹਣ ਨੂੰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ
ਗੌਰਵ ਰਾਏ ਅਤੇ ਰੁਪਾਲੀ ਤਰੇਹਣ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
Publish Date: Sun, 24 May 2026 09:12 PM (IST)
Updated Date: Mon, 25 May 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਪੱਖੋਵਾਲ ਰੋਡ ਵਿਖੇ ਸਥਿਤ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਸਰਪ੍ਰਸਤ ਹੇਮ ਰਾਜ ਗੋਇਲ, ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਢਿੱਲੋਂ ਅਤੇ ਜਨਰਲ ਸਕੱਤਰ ਸੋਨੀਆ ਅਰੋੜਾ ਨੇ ਸ਼ਿਰਤ ਕੀਤੀ।
ਇਸ ਦੌਰਾਨ ਵਿੱਦਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੰਸ਼ਜ ਰੂਪਾਲੀ ਤਰੇਹਣ ਡਾਇਰੈਕਟਰ ਮਾਨਵ ਰਚਨਾ ਸਕੂਲ ਅਤੇ ਗੌਰਵ ਰਾਏ ਐਗਜੈਕਟਿਵ ਡਾਇਰੈਕਟਰ ਜੋ ਲੁਧਿਆਣਾ ਅਤੇ ਗੁੜਗਾਉਂ ਵਿੱਚ ਸਹੀ ਅਰਥਾਂ ਵਿੱਚ ਮਾਨਵ ਰਚਨਾ ਦਾ ਮਾਟੋ ਲੈ ਕੇ ਸਮਾਜ ਵਿੱਚ ਵਿਚਰ ਰਹੇ ਹਨ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਸਨਮਾਨ ਪ੍ਰਦਾਨ ਕਰਦੇ ਹੋਏ ਸਰਹਿੰਦ ਫਤਿਹ ਦੀ ਇਤਿਹਾਸਿਕ ਸ਼ਾਲ ਭੇਂਟ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਅਧਾਰਿਤ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਰਕਬਾ ਲੁਧਿਆਣਾ ਵੱਲੋਂ ਪ੍ਰਸਿੱਧ ਸਿੱਖ ਵਿਦਵਾਨ ਅਨੁਰਾਗ ਸਿੰਘ ਅਤੇ ਵਿਸ਼ਵ ਪ੍ਰਸਿੱਧ ਆਰਟਿਸਟ ਆਰਐਮ ਸਿੰਘ ਜਿਨ੍ਹਾਂ ਚਾਰ ਭਾਰਤ ਦੇ ਰਾਸ਼ਟਰਪਤੀ ਦੇ ਚਿੱਤਰ ਤਿਆਰ ਕੀਤੇ ਹਨ, ਵੱਲੋਂ ਤਿਆਰ ਕੀਤੀ ਪੁਸਤਕ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਉਪਰੋਕਤ ਸ਼ਖਸ਼ੀਅਤਾਂ ਨੂੰ ਸਨਮਾਨ ਸਹਿਤ ਭੇਂਟ ਕੀਤੀ ਗਈ।
ਇਸ ਮੌਕੇ ਤੇ ਗੌਰਵ ਰਾਏ ਨੇ ਕਿਹਾ ਕਿ ਬੱਚਿਆਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਨਿਪੁੰਨ ਬਣਾਉਣ ਲਈ ਮਾਨਵ ਰਚਨਾ ਸਕੂਲ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਪੱਖ ਨਾਲ ਜੋੜ ਕੇ ਉਸ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਯੋਗ ਟੀਚਰਾਂ ਰਾਹੀਂ ਉਪਰਾਲਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਪਿਛਲੇ 25 ਸਾਲ ਤੋਂ ਆਪਣੇ ਪਿਤਾ ਲਾਜਪਤ ਰਾਏ ਚੱਕਰਵਰਤੀ ਵੱਲੋਂ ਦਰਸਾਏ ਰਸਤੇ 'ਤੇ ਚੱਲ ਕੇ ਵਿਦਿਆ, ਇਤਿਹਾਸ, ਸੱਭਿਆਚਾਰ ਅਤੇ ਸਪੋਰਟਸ ਦੇ ਖੇਤਰ ਵਿੱਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਪੜ੍ਹੇ ਬੱਚੇ ਉੱਚ ਪਦਵੀਆਂ ਹਾਸਲ ਕਰਕੇ ਵੱਡੀਆਂ ਸੇਵਾਵਾਂ ਨਿਭਾਅ ਰਹੇ ਹਨ।