ਐੱਸਪੀ ਜੋਸ਼ੀ, ਲੁਧਿਆਣਾ : ਲੜਾਈ, ਝਗੜੇ, ਇਰਾਦਾ ਕਤਲ ਸਮੇਤ ਅਸਲਾ ਐਕਟ ਤੇ ਹੋਰ ਕਈ ਸੰਗੀਨ ਮਾਮਲਿਆਂ 'ਚ ਨਾਮਜ਼ਦ ਗੈਂਗਸਟਰ ਛੋਟਾ ਲੱਲਾ ਦਾ ਬੀਤੀ ਰਾਤ ਬਹਾਦੁਰਕੇ ਰੋਡ ਦਾਣਾ ਮੰਡੀ ਸਥਿਤ ਪਟਾਕਾ ਮਾਰਕੀਟ 'ਚ ਕਤਲ ਕਰ ਦਿੱਤਾ ਗਿਆ।ਐਤਵਾਰ ਅੱਧੀ ਰਾਤ ਤੋਂ ਬਾਅਦ ਹੋਈ ਇਸ ਵਾਰਦਾਤ ਦੌਰਾਨ ਦੋ ਧੜਿਆਂ 'ਚ ਬਹਿਸ ਹੋਣ ਤੋਂ ਬਾਅਦ ਆਪਸ 'ਚ ਇੱਟਾਂ-ਪੱਥਰ ਚਲਾਉਣ ਮਗਰੋਂ ਦੋਵੇਂ ਧੜੇ ਗੁੱਥਮ-ਗੁੱਥਾ ਹੋ ਗਏ। ਇਸ ਦੌਰਾਨ ਇਕ ਧੜੇ ਦੇ ਨੌਜਵਾਨ ਨੇ ਛੋਟਾ ਲੱਲਾ ਦੇ ਪੇਟ ਤੇ ਛਾਤੀ ਉੱਪਰ ਕੈਂਚੀਆਂ ਨਾਲ ਵਾਰ ਕਰ ਕੇ ਉਸ ਨੂੰ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਬੁਰੀ ਤਰ੍ਹਾਂ ਨਾਲ ਫੱਟੜ ਛੋਟਾ ਲੱਲਾ ਕਾਫ਼ੀ ਦੇਰ ਤਕ ਘਟਨਾ ਸਥਲ 'ਤੇ ਤੜਫਦਾ ਰਿਹਾ। ਕੁਝ ਦੇਰ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਝਗੜਾ ਪਟਾਕਾ ਮਾਰਕੀਟ 'ਚ ਵਸੂਲੀ ਨੂੰ ਲੈ ਕੇ ਹੋਇਆ। ਵਸੂਲੀ ਤੋਂ ਇਕ ਦੁਕਾਨਦਾਰ ਵੱਲੋਂ ਇਨਕਾਰ ਕਰਨ 'ਤੇ ਭੜਕੇ ਇਸ ਗੈਂਗਸਟਰ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਝਗੜਾ ਹੋ ਗਿਆ। ਹਮਲਾ ਕਰਨ ਵਾਲਿਆਂ 'ਚੋਂ ਇਕ ਨੌਜਵਾਨ ਦਾ ਨਾਂ ਵਿਸ਼ਾਲ ਕੁਮਾਰ ਦੱਸਿਆ ਜਾ ਰਿਹਾ ਹੈ ਪਰ ਅਧਿਕਾਰਕ ਤੌਰ 'ਤੇ ਅਜੇ ਕਤਲ ਦੇ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਦੱਸਣ ਯੋਗ ਹੈ ਕਿ ਛੋਟਾ ਲੱਲਾ ਖ਼ਿਲਾਫ਼ ਮਹਾਨਗਰ ਦੇ ਕਈ ਥਾਣਿਆਂ 'ਚ ਲੜਾਈ ਝਗੜਾ ਅਤੇ ਅਸਲਾ ਐਕਟ ਸਮੇਤ ਹੋਰ ਕਈ ਸੰਗੀਨ ਮਾਮਲੇ ਦਰਜ ਹਨ। ਇਕ ਮਾਮਲੇ 'ਚ ਉਹ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਸਜ਼ਾ ਭੁਗਤ ਕੇ ਬਾਹਰ ਆਇਆ ਸੀ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਡੀਸੀਪੀ ਇੱਕ ਗੁਰਪ੍ਰੀਤ ਸਿੰਘ ਸਿਕੰਦ ਅਤੇ ਥਾਣਾ ਸਲੇਮ ਟਾਬਰੀ ਦੇ ਮੁਖੀ ਪੁਲਿਸ ਫੋਰਸ ਸਣੇ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ

Posted By: Seema Anand