ਸੰਜੀਵ ਗੁਪਤਾ, ਸੁਰਿੰਦਰ /ਜਗਰਾਓਂ : ਲੁਧਿਆਣਾ 'ਚ ਦੋਸਤ ਨਾਲ ਚਾਕਲੇਟ ਡੇਅ ਮਨਾਉਣ 'ਤੋਂ ਬਾਅਦ ਉਸ ਨਾਲ ਕਾਰ ਵਿਚ ਨਹਿਰ ਕਿਨਾਰੇ ਸੜਕ 'ਤੇ ਘੁੰਮਦਿਆਂ ਮੁਟਿਆਰ ਨੂੰ ਦੋਸਤ ਸਮੇਤ 10 ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਕਾਰ ਵਿਚ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ਦੀ ਰਹਿਣ ਵਾਲੀ 20 ਸਾਲਾ ਮੁਟਿਆਰ ਆਪਣੇ ਇਕ ਦੋਸਤ ਨਾਲ ਲੁਧਿਆਣਾ ਦੀ ਸਰਾਭਾ ਮਾਰਕੀਟ 'ਚ ਚਾਕਲੇਟ ਡੇਅ ਮਨਾਉਣ 'ਤੋਂ ਬਾਅਦ ਦੋਸਤ ਦੀ ਕਾਰ ਵਿਚ ਘੁੰਮਣ ਲਈ ਲੁਧਿਆਣਾ 'ਤੋਂ ਈਸੇਵਾਲ ਸੜਕ 'ਤੇ ਨਿਕਲ ਪਏ। 9 ਫਰਵਰੀ ਦੀ ਰਾਤ ਕਰੀਬ 8 ਵਜੇ ਉਨ੍ਹਾਂ ਦੀ ਕਾਰ ਜਦੋਂ ਨਹਿਰ ਪੁਲ਼ ਚੱਗਣਾ ਕੋਲ ਪੁੱਜੀ ਤਾਂ ਇਕ ਮੋਟਰਸਾਈਕਲ 'ਤੇ ਤਿੰਨ ਸਵਾਰਾਂ ਨੇ ਕਾਰ ਦੀ ਡਰਾਈਵਰ ਸਾਈਡ ਇੱਟ ਮਾਰ ਕੇ ਕਾਰ ਰੁਕਵਾ ਲਈ ਅਤੇ ਜ਼ਬਰਨ ਕਾਰ ਨਜ਼ਦੀਕੀ ਬੰਗਲੇ ਵਿਚ ਲੈ ਗਏ, ਜਿਥੇ ਇਨ੍ਹਾਂ ਫੋਨ ਕਰਕੇ ਆਪਣੇ ਸੱਤ ਹੋਰ ਸਾਥੀਆਂ ਨੂੰ ਸੱਦ ਲਿਆ। ਸਾਰਿਆਂ ਨੇ ਮੁਟਿਆਰ ਦੇ ਦੋਸਤ ਨੂੰ ਘੇਰ ਕੇ ਕਾਰ ਵਿਚ ਮੁਟਿਆਰ ਨਾਲ ਵਾਰੋ-ਵਾਰੀ ਜਬਰ ਜਨਾਹ ਕੀਤਾ। ਇਸ ਉਪਰੰਤ ਉਨ੍ਹਾਂ ਮੁਟਿਆਰ ਦੇ ਦੋਸਤ ਦੇ ਮੋਬਾਈਲ 'ਤੋਂ ਉਨ੍ਹਾਂ ਦੇ ਇਕ ਹੋਰ ਦੋਸਤ ਨੂੰ ਫੋਨ ਕਰ ਕੇ ਦੋਵਾਂ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਕਤ ਦੋਸਤ ਡਰ ਕਾਰਨ ਉੱਥੇ ਨਾ ਗਿਆ ਤਾਂ ਸਾਰੇ ਮੁਲਜ਼ਮ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਦਾ ਖੁਲਾਸਾ ਹੁੰਦੇ ਹੀ ਲੁਧਿਆਣਾ ਦੇ ਡੀਆਈਜੀ ਰਨਵੀਰ ਸਿੰਘ ਖਟੜਾ, ਐੱਸਐੱਸਪੀ ਵਰਿੰਦਰ ਸਿੰਘ ਬਰਾੜ, ਐੱਸਪੀ (ਡੀ ) ਤਰੁਨ ਰਤਨ , ਡੀਐੱਸਪੀ ( ਡੀ ) ਅਮਨ ਬਰਾੜ, ਡੀਐੱਸਪੀ ਮੁਲਾਪੁਰ ਦਾਖਾ ਹਰਕਮਲ ਕੌਰ ਅਤੇ ਥਾਣਾ ਦਾਖਾ ਦੇ ਮੁੱਖੀ ਰਾਜਨ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ। ਡੀਆਈਜੀ ਖਟੜਾ ਅਤੇ ਐੱਸਐੱਸਪੀ ਬਰਾੜ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਟੀਮਾਂ ਜੁੱਟ ਗਈਆਂ ਹਨ।

Posted By: Seema Anand