-ਅੱਠ ਮਹੀਨੇ ਬਾਅਦ ਸ਼ਰਮਨਾਕ ਘਟਨਾ ਦਾ ਹੋਇਆ ਖ਼ੁਲਾਸਾ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਚਾਕੂ ਦੀ ਨੋਕ 'ਤੇ ਝਾੜੀਆਂ ਵਿਚ ਲਿਜਾ ਕੇ 6 ਵਿਅਕਤੀਆਂ ਨੇ ਫੈਕਟਰੀ ਤੋਂ ਘਰ ਜਾ ਰਹੀ ਅੌਰਤ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਨਾਂ ਹੀ ਨਹੀਂ ਮੁਲਜ਼ਮਾਂ ਨੇ ਅਸ਼ਲੀਲ ਵੀਡੀਓ ਵੀ ਬਣਾਈ। ਅੌਰਤ ਇਨਾਂ ਕੁ ਘਬਰਾ ਗਈ ਕਿ ਉਸ ਨੇ ਪੂਰੇ ਅੱਠ ਮਹੀਨੇ ਬਾਅਦ ਹੌਸਲਾ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਦੱਸਿਆ। ਇਸ ਮਾਮਲੇ ਵਿਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਪੀੜਤ ਅੌਰਤ ਦੇ ਬਿਆਨਾਂ 'ਤੇ ਡਾਲਫਿਨ ਫੈਕਟਰੀ ਹੰਬੜਾ ਰੋਡ ਦੇ ਵਾਸੀ ਰਾਜੂ, ਬਲਰਾਮ, ਰਾਹੁਲ, ਪ੍ਰਮੋਦ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪੀੜਤ ਅੌਰਤ ਨੇ ਦੱਸਿਆ ਕਿ ਸਤੰਬਰ 2018 ਵਿਚ ਉਹ ਗੌਂਸਪੁਰ ਦੀ ਇਕ ਫੈਕਟਰੀ ਵਿਚ ਮਜ਼ਦੂਰੀ ਕਰਨ ਲੱਗ ਪਈ। 31 ਮਾਰਚ ਨੂੰ ਉਹ ਸਿਰ ਵਿਚ ਦਰਦ ਹੋਣ ਕਾਰਨ ਦੁਪਹਿਰ ਵੇਲੇ ਛੁੱਟੀ ਲੈ ਕੇ ਘਰ ਜਾਣ ਲਈ ਫੈਕਟਰੀ 'ਚੋਂ ਨਿਕਲੀ। ਕੁਝ ਦੂਰੀ 'ਤੇ ਹੀ ਉਕਤ ਸਾਰੇ ਮੁਲਜ਼ਮ ਮੌਜੂਦ ਸਨ, ਜੋ ਚਾਕੂ ਦੀ ਨੋਕ 'ਤੇ ਉਸ ਨੂੰ ਝਾੜੀਆਂ ਵਿਚ ਲੈ ਗਏ। ਅੌਰਤ ਮੁਤਾਬਕ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੁਲਜ਼ਮਾਂ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਰੇਪ ਦੇ ਸਮੇਂ ਦੀ ਵੀਡੀਓ ਵੀ ਬਣਾਈ। ਮਾਮਲੇ ਵਿਚ ਥਾਣਾ ਲਾਡੋਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਅੌਰਤ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।