ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਸੀਆਈਏ ਸਟਾਫ (Jagraon CIA Staff) ਦੀ ਪੁਲਿਸ ਨੇ ਕਤਲ, ਡਕੈਤੀ ਤੇ ਅਸਲਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖੂੰਖਾਰ 3 ਮੈਂਬਰੀ ਗੈਂਗ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਗੈਂਗ ਜਿੱਥੇ ਯੂਪੀ, ਲੁਧਿਆਣਾ, ਸਾਹਨੇਵਾਲ, ਖੰਨਾ, ਗੋਰਾਇਆ, ਦੋਰਾਹਾ, ਜਗਰਾਓਂ 'ਚ ਹੁਣ ਤਕ 20 ਵਾਰਦਾਤਾਂ ਕਰ ਚੁੱਕਾ ਹੈ, ਉਥੇ ਹੀ ਕਈ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ।

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਡੀਐੱਸਪੀ (ਡੀ) ਦਿਲਬਾਗ ਸਿੰਘ ਦੀ ਜ਼ੇਰੇ ਨਿਗਰਾਨੀ ਅਤੇ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਰਾਏਕੋਟ ਇਲਾਕੇ 'ਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਕੈਤੀ (Robbery) ਦੀ ਯੋਜਨਾ ਬਣਾ ਰਹੇ ਗੈਂਗ ਦੀ ਸੂਚਨਾ ਮਿਲਦੇ ਹੀ ਛਾਪਾ ਮਾਰ ਕੇ ਗੈਂਗ ਦੇ 3 ਮੈਂਬਰਾਂ ਸਾਈ ਦਾਂਸ ਪੁੱਤਰ ਗੁਰਮੇਲ ਸਿੰਘ ਵਾਸੀ ਬੇਗੋਆਣਾ, ਅਮਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਭਾਮੀਆਂ ਕਲਾਂ ਅਤੇ ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਓਟਾਲਾ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ ਪੁਲਿਸ ਪਾਰਟੀ ਨੂੰ 2 ਪਿਸਤੌਲਾਂ, ਬਰਛਾ, ਦਾਹ, ਕਾਰਤੂਸ ਤੇ ਰੌਂਦ ਬਰਾਮਦ ਹੋਏ।

ਐੱਸਐੱਸਪੀ ਸੋਹਲ ਨੇ ਦੱਸਿਆ ਕਿ ਇਹ ਤਿੰਨੋਂ ਪੰਜਾਬ ਦੇ ਜਿੱਥੇ ਕਈ ਜ਼ਿਲ੍ਹਿਆਂ 'ਚ ਕਤਲ, ਡਕੈਤੀ ਤੇ ਹੋਰ ਵੱਡੇ ਅਪਰਾਧ ਕਰ ਚੁੱਕੇ ਹਨ, ਉੱਥੇ ਹੀ ਇਨ੍ਹਾਂ ਨੇ ਯੂਪੀ ਦੇ ਮੁਜੱਫਰਨਗਰ ਦੇ ਥਾਣਾ ਪੁਕਰਾਜੀ ਇਲਾਕੇ 'ਚ ਸ਼ਰੇਆਮ 1999 'ਚ ਕਤਲ ਕੀਤਾ ਸੀ। ਇਹ ਤਿੰਨੋਂ ਖੂੰਖਾਰ ਅਪਰਾਧੀ ਹਨ ਤੇ ਇਨ੍ਹਾਂ ਦੇ ਕਈ ਥਾਣਿਆਂ ਦੀ ਪੁਲਿਸ ਨੂੰ ਭਾਲ ਹੈ, ਜੋ ਅੱਜ ਤਕ ਚਲਾਕੀ ਨਾਲ ਬਚਦੇ ਹੋਏ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਇਨ੍ਹਾਂ ਨੂੰ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਸਖਤ ਮਿਹਨਤ ਕਰਦਿਆਂ ਗ੍ਰਿਫਤਾਰ ਕੀਤਾ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ 'ਚ ਵੱਡੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ।

Posted By: Seema Anand