ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਦਰਜਨ ਦੇ ਕਰੀਬ ਅਧਿਆਪਕਾਂ ਦੇ ਕੋਰੋਨਾ ਪਾਜੇਟਿਵ ਪਾਏ ਜਾਣ ਤੋਂ ਬਾਅਦ 15 ਵਿਦਿਆਰਥੀਆਂ 'ਚ ਵੀ ਕੋਰੋਨਾ ਪਾਏ ਜਾਣ 'ਤੇ ਸਿਹਤ ਵਿਭਾਗ ਵੱਲੋਂ ਪਿੰਡ ਦਾ ਇੱਕ ਏਰੀਆ ਮਾਈਕ੍ਰੋ ਕੰਟੇਂਨਮੈਂਟ ਜ਼ੋਨ ਵਿਚ ਬਦਲ ਦਿੱਤਾ ਗਿਆ ਹੈ। ਹਾਲਾਂਕਿ ਕੋਰੋਨਾ ਪਾਜੇਟਿਵ ਬੱਚਿਆਂ ਵਿਚ ਗਾਲਿਬ ਕਲਾਂ ਤੋਂ ਇਲਾਵਾ ਅੱਧੀ ਦਰਜਨ ਹੋਰ ਪਿੰਡਾਂ ਦੇ ਵੀ ਸ਼ਾਮਲ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਜਗਰਾਓਂ ਦੇ 3 ਮਹੱਲਿਆਂ ਨੂੰ ਪਹਿਲਾਂ ਹੀ ਮਾਈਕ੍ਰੋ ਕੰਟੇਂਨਮੈਂਟ ਜ਼ੋਨ ਵਿਚ ਬਦਲਿਆ ਜਾ ਚੁੱਕਾ ਹੈ। ਹੁਣ ਤਕ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਸੈਂਪਲ ਲਏ ਜਾ ਚੁੱਕੇ ਹਨ। ਸਿਹਤ ਵਿਭਾਗ ਅਜੇ ਵੀ ਪੂਰੀ ਤਰ੍ਹਾਂ ਸਹਿਮ ਵਿਚ ਹੈ, ਕਿਉਂਕਿ ਵੱਡੀ ਗਿਣਤੀ 'ਚ ਲਏ ਗਏ ਸੈਂਪਲਾਂ ਵਿਚੋਂ ਅਨੇਕਾਂ ਵਿਦਿਆਰਥੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜਗਰਾਓਂ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਸੰਗੀਨਾ ਗਰਗ ਨੇ ਦੱਸਿਆ ਕਿ ਜਗਰਾਓਂ ਦੇ ਤਿੰਨੋਂ ਮਾਈਕ੍ਰੋ ਕੰਟੇਂਨਮੈਂਟ ਜ਼ੋਨਾਂ ਵਿਚ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਸੈਂਪਿਲੰਗ ਅਤੇ ਸਰਵੇ ਚੱਲ ਰਿਹਾ ਹੈ।

----

ਆਸ਼ਾ ਵਰਕਰਾਂ ਵੱਲੋਂ ਸਰਵੇ

ਜਗਰਾਓਂ ਦੇ ਮਾਈਕ੍ਰੋ ਕੰਟੇਂਨਮੈਂਟ ਜ਼ੋਨਾਂ ਹੀਰਾ ਬਾਗ, ਮੋਤੀ ਬਾਗ ਅਤੇ ਗੁਰੂ ਤੇਗ ਬਹਾਦਰ ਮੁਹੱਲੇ ਵਿਚ ਆਸ਼ਾ ਵਰਕਰਾਂ ਵੱਲੋਂ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ। ਇਸ ਸਰਵੇ ਵਿਚ ਹਰ ਘਰ ਦੇ ਪਰਿਵਾਰਕ ਮੈਂਬਰਾਂ 'ਚ ਜੇ ਕੋਰੋਨਾ ਦਾ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਡਾ. ਸੰਗੀਨਾ ਗਰਗ ਨੇ ਦੱਸਿਆ ਕਿ ਅੱਜ ਗੁਰੂ ਤੇਗ ਬਹਾਦਰ ਮੁਹੱਲੇ ਵਿਚ ਟੈਸਟ ਕੀਤੇ ਜਾ ਰਹੇ ਹਨ।