ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਟਿਆਲਾ ਦੇ ਟ੍ਰੈਵਲ ਏਜੰਟਾਂ ਨੇ ਲੁਧਿਆਣਾ ਦੇ ਇਕ ਕਾਰੋਬਾਰੀ ਤੋਂ 15 ਲੱਖ ਰੁਪਏ ਠੱਗ ਲਏ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਕਾਰੋਬਾਰੀ ਨੂੰ ਕੈਨੇਡਾ 'ਚ ਵਰਕ ਪਰਮਿਟ ਦਵਾਉਣ ਦਾ ਵੀ ਝਾਂਸਾ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਿੰਡ ਸੁਨੇਤ ਦੇ ਵਾਸੀ ਮਨਪ੍ਰਰੀਤ ਸਿੰਘ ਦੇ ਬਿਆਨਾਂ ਉੱਪਰ ਪਟਿਆਲਾ ਦੇ ਰਹਿਣ ਵਾਲੇ ਰਾਜਨਾਥ ਸਿੰਘ, ਹਰਭਜਨ ਸਿੰਘ ਅਤੇ ਕਮਲਜੀਤ ਸਿੰਘ ਖ਼ਿਲਾਫ਼ ਧੋਖਾਧੜੀ ਇਮੀਗ੍ਰੇਸ਼ਨ ਐਕਟ ਤੇ ਅਪਰਾਧਕ ਸਾਜਿਸ਼ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ 2015 'ਚ ਉਸ ਨੇ ਕੈਨੇਡਾ ਜਾਣਾ ਸੀ। ਕਿਸੇ ਵਾਕਫ਼ ਵਿਅਕਤੀ ਦੇ ਜ਼ਰੀਏ ਉਸ ਨੂੰ ਤਿੰਨ ਟਰੈਵਲ ਏਜੰਟ ਮਿਲੇ ਜਿਨ੍ਹਾਂ ਨੇ ਬੜੀ ਆਸਾਨੀ ਨਾਲ ਉਸ ਨੂੰ ਕੈਨੇਡਾ ਭੇਜ ਦੇਣ ਦੇਣ ਦੇ ਸਬਜ਼ਬਾਗ ਦਿਖਾਏ ਅਤੇ ਉਸ ਨੂੰ ਕੈਨੇਡਾ ਦਾ ਵਰਕ ਪਰਮਿਟ ਦਵਾਉਣ ਦਾ ਵੀ ਝਾਂਸਾ ਦਿੱਤਾ। ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਉਸ ਕੋਲੋਂ ਪੰਦਰਾਂ ਲੱਖ ਰੁਪਏ ਲੈ ਲਏ। ਕਈ ਸਾਲ ਬੀਤ ਜਾਣ ਦੇ ਬਾਅਦ ਵੀ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਪੈਸੇ ਵਾਪਸ ਕੀਤੇ ਅਤੇ ਨਾ ਹੀ ਕੈਨੇਡਾ ਭੇਜਿਆ। ਇਸ ਮਾਮਲੇ ਸਬੰਧੀ ਮਨਪ੍ਰਰੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।