ਬਸੰਤ ਸਿੰਘ, ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਹੀਮੋਫੀਲੀਆ ਅਤੇ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਦਵਾਈ ਮੁਫ਼ਤ ਦੇਣ ਦਾ ਪ੍ਰਬੰਧ ਮੁਕੰਮਲ ਕਰ ਲਿਆ ਹੈ, ਜਦਕਿ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਪਹਿਲਾਂ ਤੋਂ ਹੀ ਪੀੜਤ ਮਰੀਜ਼ਾਂ ਨੂੰ ਦਵਾਈ ਮੁਫਤ ਮਿਲ ਰਹੀ ਸੀ। ਲੁਧਿਆਣਾ ਤੇ ਇਸ ਦੇ ਨੇੜਲੇ ਜ਼ਿਲਿ੍ਹਆਂ ਦੇ ਪੀੜਤ ਮਰੀਜ਼ਾਂ ਦੀ ਮੰਗ ਸੀ ਕਿ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਦਵਾਈ ਆਰੰਭ ਕੀਤੀ ਜਾਵੇ। ਹੁਣ ਸਿਹਤ ਵਿਭਾਗ ਨੇ ਪੀੜਤ ਮਰੀਜ਼ਾਂ ਦੀ ਜਥੇਬੰਦੀ ਦੀ ਮੰਗ ਨੂੰ ਪੂਰਾ ਕਰ ਲਿਆ ਹੈ ਤੇ ਦਵਾਈ ਸਿਵਲ ਹਸਪਤਾਲ 'ਚ ਪਹੁੰਚ ਗਈ ਹੈ।

ਹੀਮੋਫੀਲੀਆ ਤੇ ਥੈਲੇਸੀਮੀਆ ਵਿਭਾਗ ਦੇ ਨੋਡਲ ਅਫਸਰ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਜੀਤ ਸਿੰਘ ਤੇ ਐੱਸਐੱਮਓ ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਇਹ ਬਿਮਾਰੀਆਂ ਖ਼ੂਨ ਨਾਲ ਸਬੰਧਤ ਹਨ। ਜਿਹੜੇ ਮਰੀਜ਼ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਸਾਰੀ ਉਮਰ ਦਵਾਈਆਂ ਤੇ ਓਪਰੇ ਖੂਨ 'ਤੇ ਨਿਰਭਰ ਰਹਿ ਕੇ ਜ਼ਿੰਦਗੀ ਜਿਊਣੀ ਪੈਂਦੀ ਹੈ।

ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਥੈਲੇਸੀਮੀਆ ਜਮਾਂਦਰੂ ਬਿਮਾਰੀ ਹੈ, ਇਸ ਦੇ ਮਰੀਜ਼ ਨੂੰ ਵਾਰ-ਵਾਰ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਜਿਸ ਕਾਰਨ ਵਾਰ-ਵਾਰ ਖ਼ੂਨ ਚੜ੍ਹਨ ਕਾਰਨ ਦਿਲ ਤੇ ਹੋਰ ਅੰਗਾਂ 'ਚ ਆਇਰਨ ਜੰਮ ਜਾਂਦਾ ਹੈ, ਜੰਮੇ ਹੋਏ ਆਇਰਨ ਨੂੰ ਘਟਾਉਣ ਲਈ ਹਰ ਮਹੀਨੇ ਪੀੜਤ ਮਰੀਜ਼ਾਂ ਨੂੰ ਦਵਾਈ ਖਾਣੀ ਪੈਂਦੀ ਹੈ ਜੋ ਕਿ ਕਾਫੀ ਮਹਿੰਗੀ ਹੁੰਦੀ ਹੈ। ਹੁਣ ਲੁਧਿਆਣਾ ਤੇ ਇਸ ਦੇ ਨੇੜਲੇ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਸਿਵਲ ਹਸਪਤਾਲ 'ਚੋਂ ਦਵਾਈ ਮੁਫਤ ਮੁਹੱਈਆ ਕਰਵਾਈ ਜਾਵੇਗੀ।

ਡਾ. ਅਵਿਨਾਸ਼ ਜਿੰਦਲ ਨੇ ਹੀਮੋਫੀਲੀਆ ਦੇ ਪੀੜਤ ਮਰੀਜ਼ਾਂ ਬਾਰੇ ਦੱਸਿਆ ਕਿ ਅਜਿਹੇ ਮਰੀਜ਼ਾਂ ਨੂੰ ਆਪਣੇ ਹੱਡੀਆਂ ਦੇ ਜੋੜ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਫੈਕਟਰ 9 ਅਤੇ 8 ਲੈਣ ਦੀ ਜ਼ਰੂਰਤ ਹੁੰਦੀ ਹੈ। ਹਿਮੋਫੀਲੀਆ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦਾ ਹਰ ਮਹੀਨੇ ਦਾ ਖਰਚਾ ਦਸ ਹਜ਼ਾਰ ਰੁਪਏ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਉਪਰੋਕਤ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡਾ. ਜਿੰਦਲ ਨੇ ਦੱਸਿਆ ਕਿ ਖੂਨ ਦੇ ਟੈਸਟ ਕਰਨ ਵਾਲੀਆਂ ਮਸ਼ੀਨਾਂ ਤੇ ਦਵਾਈਆਂ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਹਨ। ਜ਼ਿਲ੍ਹਾ ਲੁਧਿਆਣਾ ਤੇ ਇਸ ਦੇ ਆਲੇ-ਦੁਆਲੇ ਦੇ ਪੀੜਤ ਮਰੀਜ਼ ਸਿਵਲ ਹਸਪਤਾਲ 'ਚੋਂ ਦਵਾਈਆਂ ਲੈ ਸਕਦੇ ਹਨ।