ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਬਲਾਕ ਦੇ ਅਧੀਨ ਬੇਟ ਇਲਾਕੇ 'ਚ ਪੈਂਦੇ ਪਿੰਡ ਪੰਜਗਰਾਈਆਂ ਦੀ ਖੇਤੀਬਾੜੀ ਬਹੁਮੰਤਰੀ ਸਹਿਕਾਰੀ ਸਭਾ ਦੇ ਡਾਇਰੈਕਟਰਾਂ ਦੀ ਚੋਣ ਦੌਰਾਨ ਫਸਵੀਂ ਟੱਕਰ ਹੋਈ ਜਿਸ 'ਚ ਜਿੱਥੇ ਆਮ ਆਦਮੀ ਪਾਰਟੀ, ਕਾਂਗਰਸ ਤੇ ਬਾਗੀ ਅਕਾਲੀ ਧੜੇ ਦੇ ਸਾਂਝੇ ਗਰੁੱਪ ਵਲੋਂ 6 ਤੇ ਅਕਾਲੀ ਦਲ ਵਲੋਂ 5 ਡਾਇਰੈਕਟਰ ਜੇਤੂ ਰਹੇ। ਜਾਣਕਾਰੀ ਮੁਤਾਬਿਕ ਪੰਜਗਰਾਈਆਂ ਖੇਤੀਬਾੜੀ ਸਭਾ ਦੇ 11 ਡਾਇਰੈਕਟਰਾਂ ਦੀ ਚੋਣ ਲਈ ਪਿਛਲੇ ਕੁਝ ਦਿਨਾਂ ਤੋਂ ਸਰਗਰਮੀਆਂ ਤੇਜ਼ ਸਨ ਤੇ ਕੱਲ ਨਾਮਜ਼ਦਗੀ ਪੱਤਰ ਭਰਨ ਮੌਕੇ 6 ਮੈਂਬਰ ਸੁਰਜੀਤ ਸਿੰਘ ਪੰਜਗਰਾਈਆਂ, ਅਮਰਜੀਤ ਸਿੰਘ ਅੰਬੀ ਰਹੀਮਾਬਾਦ, ਿਛੰਦਰਪਾਲ ਕੌਰ ਰਹੀਮਾਬਾਦ, ਬਲਵੀਰ ਕੌਰ ਜਾਤੀਵਾਲ, ਜਸਵੀਰ ਸਿੰਘ ਤੇ ਸੁਖਵੀਰ ਸਿੰਘ ਟਾਂਡਾ ਕੁਸ਼ਲ ਤੋਂ ਚੁਣ ਲਏ ਗਏ। ਇਸ ਤੋਂ ਇਲਾਵਾ 5 ਮੈਂਬਰਾਂ ਦੀ ਚੋਣ ਲਈ ਅੱਜ ਵੋਟਾਂ ਹੋਈਆਂ ਜਿਸ 'ਚ 9 ਉਮੀਦਵਾਰ ਮੈਦਾਨ 'ਚ ਸਨ। ਰਿਟਰਨਿੰਗ ਅਧਿਕਾਰੀ ਦੀ ਨਿਗਰਾਨੀ ਹੇਠ ਹੋਈਆਂ ਵੋਟਾਂ 'ਚ ਅੰਗਰੇਜ਼ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਝੜੌਦੀ, ਗਿਆਨ ਚੰਦ ਤੇ ਮਹਿੰਦਰ ਸਿੰਘ ਜੇਤੂ ਕਰਾਰ ਦੇ ਦਿੱਤੇ ਗਏ। ਜਾਤੀਵਾਲ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਲਈ ਦੋ ਧੜੇ ਆਹਮੋ-ਸਾਹਮਣੇ ਦਿਖਾਈ ਦਿੱਤੇ। ਇੱਕ ਧੜੇ 'ਚ 'ਆਪ', ਕਾਂਗਰਸੀ ਤੇ ਅਕਾਲੀ ਦਲ ਦੇ ਹੀ ਕੁਝ ਵਰਕਰ ਬਾਗੀ ਹੋ ਕੇ ਇਕੱਠੇ ਹੋਏ ਜਿਨਾਂ੍ਹ ਦਾ ਮੰਤਵ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ ਧੜੇ ਦੇ ਮੈਂਬਰਾਂ ਨੂੰ ਹਰਾਉਣਾ ਸੀ। ਇਸ ਜਬਰਦਸਤ ਮੁਕਾਬਲੇ 'ਚ 'ਆਪ', ਕਾਂਗਰਸ ਤੇ ਬਾਗੀ ਅਕਾਲੀ ਦਲ ਧੜੇ ਦੇ ਮੈਂਬਰਾਂ ਦੇ 6 ਡਾਇਰੈਕਟਰ ਚੁਣੇ ਗਏ ਜਦਕਿ ਦੂਜਾ ਧੜਾ ਸ੍ਰੋਮਣੀ ਅਕਾਲੀ ਦਲ ਦਾ ਸੀ ਉਸ ਦੇ ਕੇਵਲ 5 ਮੈਂਬਰ ਚੁਣੇ ਗਏ।

ਸ੍ਰੋਮਣੀ ਅਕਾਲੀ ਦਲ ਜੇਕਰ ਇੱਕਜੁਟ ਹੋ ਕੇ ਖੇਤੀਬਾੜੀ ਸਭਾ ਦੀ ਚੋਣ ਲੜਦਾ ਤਾਂ ਉਹ ਇਸ ਉੱਪਰ ਕਾਬਜ਼ ਹੋ ਸਕਦਾ ਸੀ ਪਰ ਹੁਣ ਅਹੁਦੇਦਾਰਾਂ ਦੀ ਕੁਝ ਦਿਨਾਂ ਬਾਅਦ ਹੋਣ ਵਾਲੀ ਚੋਣ ਦੌਰਾਨ ਦੇਖਣ ਨੂੰ ਮਿਲੇਗਾ ਕਿ ਕਿਸ ਧੜੇ ਦਾ ਡਾਇਰੈਕਟਰ ਸਭਾ ਦਾ ਪ੍ਰਧਾਨ ਬਣਦਾ ਹੈ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਜਿਨਾਂ੍ਹ ਜੇਤੂ ਡਾਇਰੈਕਟਰਾਂ ਨੂੰ ਵਧਾਈ ਦਿੱਤੀ ਤੇ ਸਭਾ ਨਾਲ ਜੁੜੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਮਾਣੇਵਾਲ, 'ਆਪ' ਆਗੂ ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੇਡੋਂ, ਸ਼ਿਵ ਕੁਮਾਰ ਸ਼ਿਵਲੀ, ਵਿਨੀਤ ਕੁਮਾਰ ਝੜੌਦੀ, ਸਰਪੰਚ ਜਗਦੇਵ ਸਿੰਘ ਸੈਸੋਂਵਾਲ, ਜਗਮੀਤ ਸਿੰਘ ਮੱਕੜ, ਜਥੇਦਾਰ ਬਲਵੀਰ ਸਿੰਘ ਟਾਂਡਾ ਵੀ ਮੌਜੂਦ ਸਨ।