ਸੰਜੀਵ ਗੁਪਤਾ, ਜਗਰਾਓਂ : ਪਿੰਡ ਅਖਾੜਾ ਦੀ ਯੂਨੀਅਨ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਲੋਕਾਂ ਨੂੰ ਵਿਦੇਸ਼ਾਂ ਤੋਂ ਆਉਂਦੀ ਫੋਨ ਕਾਲ ਰਾਹੀਂ ਠੱਗੀ ਮਾਰਨ ਵਾਲੇ ਗਿਰੋਹ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਡਿਪਟੀ ਮੈਨੇਜਰ ਨੇ ਬੈਂਕ 'ਚ ਆਉਣ ਵਾਲੇ ਗਾਹਕਾਂ ਨੂੰ ਠੱਗੀ ਮਾਰਨ ਵਾਲੇ ਗਿਰੋਹ ਦੇ ਤਰੀਕੇ ਤੇ ਉਨਾਂ੍ਹ ਤੋਂ ਬਚਣ ਲਈ ਸੁਚੇਤ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ।

ਉਨ੍ਹਾਂ ਇਸ ਦੌਰਾਨ ਦੱਸਿਆ ਹੁੁਣ ਠੱਗਾਂ ਨੇ ਫੋਨ ਰਾਹੀਂ ਠੱਗੀਆਂ ਮਾਰਨ ਦਾ ਨਵਾਂ ਤਰੀਕਾ ਅਪਣਾਇਆ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਠੱਗ ਫੋਨ ਰਾਹੀ ਕਿਸੇ ਵਿਅਕਤੀ ਜਾਂ ਅੌਰਤ ਨੂੰ ਫੋਨ ਲਗਾਉਂਦੇ ਹਨ ਤੇ ਉਸ ਨੂੰ ਆਖਦੇ ਆ ਕਿ ਪਛਾਣ ਕਿ ਉਸ ਦਾ ਰਿਸ਼ਤੇਦਾਰ ਬੋਲ ਰਿਹਾ। ਅੱਗੋਂ ਜਿਸ ਨੂੰ ਫੋਨ ਲਗਾਇਆ ਹੁੰਦਾ ਉਹ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਨਾਮ ਲੈ ਲੈਂਦਾ ਤੇ ਫਿਰ ਗੱਲਾਂ-ਬਾਤਾਂ ਰਾਹੀਂ ਉਸ ਨੂੰ ਵਿਦੇਸ਼ ਬੁਲਾਉਣ ਦਾ ਲਾਲਚ ਦੇ ਕੇ ਸਬੰਧਤ ਵਿਅਕਤੀ ਤੋਂ ਬੈਂਕ ਦਾ ਖਾਤਾ ਨੰਬਰ, ਫਿਰ ਓਟੀਪੀ ਲੈ ਕੇ ਉਸ ਦੇ ਸਾਰੇ ਪੈਸੇ ਕੱਢ ਲੈਂਦੇ ਹਨ। ਡਿਪਟੀ ਮੈਨੇਜਰ ਪਰਮਜੀਤ ਸਿੰਘ ਨੇ ਕਿਹਾ ਅੱਜ ਦੇ ਸਮੇਂ 'ਚ ਰੋਜ਼ਾਨਾ ਇਹ ਫੋਨ ਕਾਲਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਤੇ ਸੈਂਕੜੇ ਲੋਕਾਂ ਨਾਲ ਅਜਿਹੇ ਢੰਗ ਨਾਲ ਠੱਗੀਆਂ ਦਾ ਸ਼ਿਕਾਰ ਬਣਾਉਂਦੇ ਹਨ। ਇਸ ਲਈ ਲੋਕਾਂ ਨੂੰ ਸੁੁਚੇਤ ਹੋਣ ਦੀ ਲੋੜ ਹੈ ਤੇ ਇਨ੍ਹਾਂ ਫਰਜੀ ਫੋਨ ਕਾਲਾਂ ਤੋਂ ਬਚਣ ਦੀ ਲੋੜ ਹੈ।