ਸੰਜੀਵ ਗੁਪਤਾ, ਜਗਰਾਓਂ

ਪਿੰਡ ਅੱਬੂਵਾਲ ਵਿਚ ਇੱਕੋ ਜ਼ਮੀਨ 'ਤੇ ਬੈਂਕ ਤੋਂ 50 ਲੱਖ ਦਾ ਕਰਜ਼ਾ ਲੈਣ ਅਤੇ ਦੂਜੇ ਬੈਂਕ 'ਚ ਇਹੀ ਜ਼ਮੀਨ ਗਹਿਣੇ ਰੱਖਣ ਤੇ ਕੋਆਪਰੇਟਿਵ ਬੈਂਕ ਤੋਂ ਕਰਜ਼ਾ ਲੈ ਕੇ ਫਿਲਮੀ ਸਟਾਈਲ 'ਚ ਠੱਗੀ ਮਾਰਦਿਆਂ ਬੈਂਕਾਂ ਨੂੰ ਮੋਟਾ ਚੂਨਾ ਲਾਉਣ ਦਾ ਮਾਮਲਾ ਉਜਾਗਰ ਹੋਇਆ ਹੈ।

ਇਸ ਮਾਮਲੇ ਵਿਚ ਥਾਣਾ ਸੁਧਾਰ ਦੀ ਪੁਲਿਸ ਨੇ ਅਦਾਲਤ ਦੇ ਨਿਰਦੇਸ਼ਾਂ 'ਤੇ ਠੱਗੀ ਮਾਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਬੂਵਾਲ ਵਾਸੀ ਰਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ 7 ਫਰਵਰੀ, 2013 ਨੂੰ ਸਟੇਟ ਬੈਂਕ ਆਫ਼ ਇੰਡੀਆ ਤੋਂ ਜ਼ਮੀਨ 'ਤੇ 50 ਲੱਖ ਰੁਪਏ ਦਾ ਕਰਜਾ ਲਿਆ ਸੀ। ਜਦੋਂ ਬੈਂਕ ਨੇ ਸਾਲ 2014-15 'ਚ ਜਮਾਂਬੰਦੀ ਲਈ ਤਾਂ ਪਤਾ ਲੱਗਾ ਕਿ ਰਜਿੰਦਰਪਾਲ ਨੇ 27 ਮਾਰਚ, 2012 ਨੂੰ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਵੀ ਕਰਜਾ ਲਿਆ ਸੀ ਤੇ ਫੇਰ 30 ਅਕਤੂਬਰ, 2013 ਨੂੰ ਵੀ ਪ੍ਰਾਇਮਰੀ ਕੋਆਪ੍ਰੇਟਿਵ ਐਗਰੀ ਡਿਵੈਲਪਮੈਂਟ ਬੈਂਕ ਰਾਏਕੋਟ ਤੋਂ ਵੀ ਕਰਜਾ ਲਿਆ ਹੋਇਆ ਸੀ। ਉਕਤ ਵੱਲੋਂ ਕਰਜ਼ਾ ਨਾ ਮੋੜਣ 'ਤੇ ਬੈਂਕ ਨੇ ਅਦਾਲਤ ਵਿਚ ਕੇਸ ਕੀਤਾ, ਜਿਸ 'ਤੇ ਅਦਾਲਤ ਦੇ ਨਿਰਦੇਸ਼ਾਂ 'ਤੇ ਰਜਿੰਦਰ ਸਿੰਘ ਖਿਲਾਫ ਥਾਣਾ ਸੁਧਾਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ।