ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਹੈ ਜੋ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ। ਪੁਲਿਸ ਨੇ ਇਹ ਕਾਰਵਾਈ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਕੀਤੀ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜਗੀਰਪੁਰ ਦੇ ਵਾਸੀ ਅਮਰਦੀਪ ਸਿੰਘ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਦੀਪ ਸਿੰਘ ਨੇ ਕੁਝ ਦਿਨ ਪਹਿਲੋਂ ਫਸਟ ਕਲਾਸ ਮੈਜਿਸਟ੍ਰੇਟ ਦੀ ਅਦਾਲਤ ਵਿਚ ਫ਼ਰਜ਼ੀ ਗੁਰਚਰਨ ਸਿੰਘ ਬਣ ਕੇ ਅਪਰਾਧੀ ਦੀ ਜਮਾਨਤ ਦਿੱਤੀ। ਅਦਾਲਤ ਨੇ ਜਦ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਦਾ ਨਾਂ ਗੁਰਚਰਨ ਸਿੰਘ ਨਹੀਂ ਬਲਕਿ ਉਹ ਜਗੀਰਪੁਰ ਦਾ ਰਹਿਣ ਵਾਲਾ ਅਮਰਦੀਪ ਸਿੰਘ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਜਗੀਰਪੁਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਦੇ ਖਿਲਾਫ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ। ਏਐੱਸਆਈ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।