ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਧੋਖਾਧੜੀ ਸਣੇ ਹੋਰ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਹੰਡਿਆਇਆ ਰੋਡ ਬਰਨਾਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਬਿਆਨ 'ਤੇ ਅੰਮਿ੍ਤਸਰ ਦੇ ਰਹਿਣ ਵਾਲੇ ਪੰਕਜ ਖੋਖਰ, ਉਸ ਦੀ ਪਤਨੀ ਸਿਮਰਨ ਖੋਖਰ ਤੇ ਗੁਰਮੀਤ ਸਿੰਘ ਖ਼ਿਲਾਫ਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਪੰਕਜ ਅਤੇ ਹੋਰ ਨਾਮਜ਼ਦ ਮੁਲਜ਼ਮਾਂ ਨਾਲ ਹੋਈ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦੇਣਗੇ। ਮੁਲਜ਼ਮ ਨੇ ਗਿੱਲ ਚੌਕ ਵਿਖੇ ਮੀਤ ਓਵਰਸੀਜ਼ ਨਾਮ 'ਤੇ ਚੱਲ ਰਹੇ ਦਫ਼ਤਰ ਬੁਲਾ ਕੇ ਉਸ ਕੋਲੋਂ 67 ਲੱਖ 39 ਹਜ਼ਾਰ ਰੁਪਏ ਅਤੇ ਕਰੀਬ 5 ਹਜ਼ਾਰ ਕੈਨੇਡੀਅਨ ਡਾਲਰ ਲੈ ਲਏ। ਪਰ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਵੀ ਮੁਲਜ਼ਮਾਂ ਨੇ ਵੀਜ਼ਾ ਨਹੀਂ ਲਗਵਾਇਆ।

ਜਦ ਰਣਜੀਤ ਸਿੰਘ ਨੇ ਵਾਰ-ਵਾਰ ਮੁਲਜ਼ਮਾਂ ਨਾਲ ਵੀਜ਼ਾ ਲਗਵਾ ਕੇ ਦੇਣ ਦੀ ਗੱਲ ਕੀਤੀ ਤਾਂ ਮੁਲਜ਼ਮ ਉਸ ਨੂੰ ਲਾਰੇ ਲਾਉਣ ਲੱਗ ਗਏ। ਗੱਲ ਨਾ ਬਣਦੀ ਵੇਖ ਪੀੜਤ ਨੇ ਰੁਪਏ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਆਪਣੇ ਨਾਲ ਹੋਈ ਠੱਗੀ ਸਬੰਧੀ ਰਣਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ, ਜਿਸ ਕਾਰਨ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।