ਐੱਸਪੀ ਜੋਸ਼ੀ, ਲੁਧਿਆਣਾ : ਰਾਹੋਂ ਰੋਡ ਦੇ ਲਾਗਲੇ ਪਿੰਡ ਕੱਕਾ ਦੇ ਗੁਰੂ ਘਰ ਵਿੱਚੋ ਕਰੀਬ 10 ਦਿਨ ਪਹਿਲਾਂ ਗੋਲਕ ਚੋਰੀ ਕਰਨ ਦੇ ਚਾਰ ਮੁਲਜ਼ਮਾਂ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ, ਜਦ ਕਿ ਮੁਲਜ਼ਮਾਂ ਦੇ ਦੋ ਹੋਰ ਸਾਥੀ ਅਜੇ ਫ਼ਰਾਰ ਦੱਸੇ ਜਾਂਦੇ ਹਨ। ਪੁਲਿਸ ਵੱਲੋਂ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਧੌਲਾ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੱਗੂ, ਪਿੰਡ ਜਗੀਰਪੁਰ ਦੇ ਰਹਿਣ ਵਾਲੇ ਜਤਿੰਦਰ ਸਿੰਘ ਸਿੱਧੂ ਉਰਫ਼ ਨਿੱਕਾ, ਪਿੰਡ ਧੌਲਾ ਦੇ ਹੀ ਰਹਿਣ ਵਾਲੇ ਗੋਰੇ ਬੈਂਸ ਉਰਫ ਜੌਰਜ ਤੇ ਮੁੰਡੀਆਂ ਕਲਾਂ ਵਾਸੀ ਜਸਵੰਤ ਸਿੰਘ ਦੇ ਰੂਪ 'ਚ ਹੋਈ ਹੈ। ਅਧਿਕਾਰੀਆਂ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਮਨਪ੍ਰਰੀਤ ਸਿੰਘ ਉਰਫ ਬਿੱਲਾ ਪਹਿਲਾਂ ਲਵਪਰੀਤ, ਅਸ਼ੋਕ ਸਿੰਘ ਉਰਫ ਲਵ ਵਾਸੀ ਪਿੰਡ ਕੱਕਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਲੁਧਿਆਣਾ ਪੁਲਿਸ ਦੇ ਏਸੀਪੀ ਪੂਰਬੀ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਿਹਰਬਾਨ ਦੇ ਮੁਖੀ ਦਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਗਗਨਦੀਪ ਸਿੰਘ ਉਰਫ ਗੱਗੂ, ਜਤਿੰਦਰ ਸਿੰਘ ਨਿੱਕਾ ਅਤੇ ਗੋਰਾ ਬੈਂਸ ਨੂੰ ਤਿੰਨ ਦਿਨ ਪਹਿਲਾਂ ਲੁੱਟਾਂ-ਖੋਹਾਂ ਦੇ ਸਮਾਨ ਅਤੇ ਹਥਿਆਰਾਂ ਸਮੇਤ ਗਿ੍ਫਤਾਰ ਕੀਤਾ ਤਾਂ ਖੁਲਾਸਾ ਹੋਇਆ ਕਿ ਉਨਾਂ੍ਹ ਵੱਲੋਂ ਗੁਰੂ ਘਰ ਵਿੱਚ ਵੀ ਚੋਰੀ ਦੀ ਵਾਰਦਾਤ ਅੰਜ਼ਾਮ ਦਿੱਤੀ ਗਈ ਸੀ। ਗਿ੍ਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਜਸਵੰਤ ਸਿੰਘ ਨੂੰ ਗਿ੍ਫਤਾਰ ਕਰ ਲਿਆ ਗਿਆ। ਸ਼ੁਰੂਆਤੀ ਪੜਤਾਲ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਗੁਰੂ ਘਰ ਅੰਦਰੋਂ ਚੋਰੀ ਕੀਤੀ ਗੋਲਕ, ਵਾਰਦਾਤ ਮੌਕੇ ਇਸਤੇਮਾਲ ਹੋਣ ਵਾਲੇ ਦੋ ਮੋਟਰਸਾਈਕਲ, ਇੱਕ ਲੋਹੇ ਦਾ ਦਾਤ, ਅੱਧਾ ਦਰਜਨ ਮੋਬਾਈਲ ਫੋਨ ਅਤੇ ਪੌਣੇ 600 ਦੇ ਕਰੀਬ ਨਕਦੀ ਬਰਾਮਦ ਕੀਤੀ ਹੈ।

====

ਪਰਵਾਸੀਆਂ ਨੂੰ ਵੀ ਹਥਿਆਰ ਦੀ ਨੋਕ 'ਤੇ ਲੁੱਟਦੇ ਸਨ ਮੁਲਜ਼ਮ

ਪੁਲਿਸ ਅਧਿਕਾਰੀਆਂ ਮੁਤਾਬਕ 20 ਅਤੇ 21 ਨਵੰਬਰ ਦੀ ਦਰਮਿਆਨੀ ਰਾਤ ਨੂੰ ਨਾਮਜ਼ਦ ਕੀਤੇ ਗਏ ਛੇ ਮੁਲਜ਼ਮਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ 'ਤੇ ਲੱਗੇ ਤਾਲੇ ਤੋੜ ਕੇ ਹਾਲ ਅੰਦਰ ਦਾਖਲ ਹੋਣ ਮਗਰੋਂ ਸ਼ਰਧਾਲੂਆਂ ਦੇ ਚੜ੍ਹਾਵੇ ਵਾਲੀ ਗੋਲਕ ਚੋਰੀ ਕੀਤੀ ਸੀ। ਗਿ੍ਫ਼ਤਾਰੀ ਮਗਰੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਭਾਈਚਾਰੇ ਕੋਲੋਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਮੋਬਾਈਲ ਤੇ ਨਕਦੀ ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਉਨ੍ਹਾਂ ਆਖਿਆ ਕਿ ਪੁੱਛਗਿੱਛ ਦੌਰਾਨ ਕਈ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।

====

ਨਸ਼ੇ ਦੀ ਪੂਰਤੀ ਲਈ ਕਰਦੇ ਸਨ ਲੁੱਟਾਂ-ਖੋਹਾਂ

ਪੁਲਿਸ ਅਧਿਕਾਰੀਆਂ ਮੁਤਾਬਕ ਗਿ੍ਫ਼ਤਾਰ ਕੀਤੇ ਤੇ ਇਨਾਂ੍ਹ ਦੇ ਫਰਾਰ ਦੋ ਸਾਥੀ ਨਸ਼ੇ ਦੇ ਆਦੀ ਸਨ। ਮਹਿੰਗੇ ਨਸ਼ੇ ਦੀ ਪੂਰਤੀ ਲਈ ਮੁਲਜ਼ਮ ਗਰੁੱਪ ਬਣਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ।